ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਕੀਤੀ ਗਈ ਜਾਂਚ

ਜਲੰਧਰ (ਦ ਸਟੈਲਰ ਨਿਊਜ਼) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਮੀਦਵਾਰਾਂ ਦੇ ਅਕਾਊਂਟ ਬੁੱਕ ਦੇ ਤੀਜੇ ਅਤੇ ਅੰਤਿਮ ਨਿਰੀਖਣ ਦੀ ਪ੍ਰਧਾਨਗੀ ਕਰਦਿਆਂ ਖਰਚਾ ਅਬਜ਼ਰਵਰ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਵੀ ਮੌਜੂਦ ਸਨ, ਨੇ ਦੱਸਿਆ ਕਿ ਨਿਰਧਾਰਤ ਸ਼ਡਿਊਲ ਅਨੁਸਾਰ 8, 14 ਅਤੇ 18 ਫਰਵਰੀ, 2022 ਨੂੰ ਕੁੱਲ ਤਿੰਨ ਨਿਰੀਖਣ ਕੀਤੇ ਜਾਣੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰਾਂ ਦੇ ਚੋਣ ਖਰਚਿਆਂ ‘ਤੇ ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਚੋਣ ਖਰਚਾ ਨਿਗਰਾਨਾਂ ਦੀ ਅਗਵਾਈ ਵਾਲੀਆਂ ਖਰਚਾ ਨਿਗਰਾਨ ਟੀਮਾਂ ਵੱਲੋਂ ਉਮੀਦਵਾਰਾਂ ਦੇ ਖਰਚੇ ਵਾਲੇ ਰਜਿਸਟਰਾਂ ਦੀ ਤੁਲਨਾ ਖਰਚਾ ਟੀਮਾਂ ਵੱਲੋਂ ਮੇਨਟੇਨ ਕੀਤੇ ਸ਼ੈਡੋ ਅਬਜ਼ਰਵੇਸ਼ਨ ਰਜਿਸਟਰਾਂ ਨਾਲ ਕੀਤੀ ਗਈ। ਅਬਜ਼ਰਵਰਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਵਿੱਚ ਕਿਸੇ ਵੀ ਫਰਕ ਜਾਂ ਕਮੀ ਪੇਸ਼ੀ ਨੂੰ ਧਿਆਨ ਨਾਲ ਨੋਟ ਕਰਨ ਤੋਂ ਇਲਾਵਾ ਉਨ੍ਹਾਂ ਤੋਂ ਲਿਖਤੀ ਸਪੱਸ਼ਟੀਕਰਨ ਦੀ ਮੰਗ ਕੀਤੀ ਜਾਵੇਗੀ।

Advertisements

ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਜਾਂਚ ਕੀਤੀ ਗਈ। ਕਰਾਸ ਚੈਕਿੰਗ ਦੌਰਾਨ ਖਰਚਾ ਰਜਿਸਟਰ ਅਤੇ ਹੋਰ ਰਿਕਾਰਡ ਜਿਵੇਂ ਕਿ ਕੈਸ਼ ਬੁੱਕ, ਬੈਂਕ ਵਾਊਚਰ ਅਤੇ ਬੈਂਕ ਸਟੇਟਮੈਂਟਾਂ ਦੀ ਵੀ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਸਿਰਫ਼ 40 ਲੱਖ ਰੁਪਏ ਹੀ ਖਰਚ ਕਰ ਸਕਦਾ ਹੈ। ਇਸ ਖਰਚੇ ਦੀ ਨਿਗਰਾਨੀ ਨਾਮਜ਼ਦਗੀ ਭਰਨ ਦੀ ਮਿਤੀ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ ਕੀਤੀ ਜਾਵੇਗੀ, ਜਿਸ ਵਿੱਚ ਸਫ਼ਲ ਉਮੀਦਵਾਰ ਦਾ ਜੇਤੂ ਜਲੂਸ ਵੀ ਸ਼ਾਮਲ ਹੈ। ਸਹਾਇਕ ਖਰਚਾ ਨਿਗਰਾਨ ਨੂੰ ਉਮੀਦਵਾਰ ਵੱਲੋਂ ਖਰਚ ਕੀਤੇ ਗਏ ਹਰ ਪੈਸੇ ਦਾ ਹਿਸਾਬ ਰੱਖਿਆ ਜਾਣਾ ਯਕੀਨੀ ਬਣਾਉਣ ਲਈ ਕਿਹਾ ਗਿਆ।

ਸਬੰਧਤ ਵਿਧਾਨ ਸਭਾ ਹਲਕੇ ਵਿੱਚ ਵੱਧ ਤੋਂ ਵੱਧ ਖਰਚ ਕਰਨ ਵਾਲੇ ਉਮੀਦਵਾਰਾਂ ਦੀ ਸੂਚੀ

ਹੁਣ ਤੱਕ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਚੋਣਾਂ ‘ਤੇ ਸਭ ਤੋਂ ਵੱਧ ਖਰਚ ਕੀਤਾ ਗਿਆ ਹੈ, ਜੋ ਕਿ ਅਵਤਾਰ ਸਿੰਘ (ਕਾਂਗਰਸ) ਵੱਲੋਂ 23,97,725 ਰੁਪਏ ਕੀਤਾ ਗਿਆ ਹੈ। ਜਲੰਧਰ ਕੇਂਦਰੀ ਤੋਂ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਵੱਲੋਂ 18,55,375 ਤੇ ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਵੱਲੋਂ 18,52,514 ਖਰਚ ਕੀਤੇ ਗਏ ਹਨ। ਜਲੰਧਰ ਛਾਉਣੀ ਤੋਂ ਭਾਜਪਾ ਦੇ ਸਰਬਜੀਤ ਮੱਕੜ ਵੱਲੋਂ 15,100,19, ਕਰਤਾਰਪੁਰ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ ਵੱਲੋਂ 14,42,418, ਸ਼ਾਹਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਵੱਲੋਂ 14,36,017, ਆਦਮਪੁਰ ਤੋਂ ਅਕਾਲੀ ਦਲ ਦੇ ਪਵਨ ਟੀਨੂੰ ਵੱਲੋਂ 13,30,444, ਨਕੋਦਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ 13,02,731 ਅਤੇ ਫਿਲੌਰ ਤੋਂ ਕਾਂਗਰਸ ਦੇ ਚੌਧਰੀ ਵਿਕਰਮਜੀਤ ਸਿੰਘ ਵੱਲੋਂ 10,15,848 ਰੁਪਏ ਖਰਚ ਕੀਤੇ ਗਏ ਹਨ।

LEAVE A REPLY

Please enter your comment!
Please enter your name here