ਜਲੰਧਰ ਵਿਖੇ 5ਵੀਂ ਆਲ ਇੰਡੀਆ ਇੰਟਰ-ਵਰਸਿਟੀ ਗੱਤਕਾ ਚੈਂਪੀਅਨਸ਼ਿੱਪ 4 ਮਈ ਤੋਂ ਹੋਵੇਗੀ ਸ਼ੁਰੂ

ਚੰਡੀਗੜ (ਦ ਸਟੈਲਰ ਨਿਊਜ਼)। 5ਵੀਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ (ਪੁਰਸ ਅਤੇ ਮਹਿਲਾ) ਚੈਂਪੀਅਨਸ਼ਿੱਪ 2021-22 ਇਸ ਵਾਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਲੰਧਰ ਵਿਖੇ 4 ਮਈ ਤੋਂ 7 ਮਈ ਤੱਕ ਕਰਵਾਈ ਜਾ ਰਹੀ ਹੈ। ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਅਤੇ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੇ ਆਦੇਸ਼ਾਂ ਤਹਿਤ ਇਹ ਅੰਤਰ-ਵਰਸਿਟੀ ਟੂਰਨਾਮੈਂਟ ਤੀਜੀ ਵਾਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਹੋ ਰਿਹਾ ਹੈ।

Advertisements

ਗੱਤਕਾ ਦੇ ਸਿੰਗਲ ਸੋਟੀ ਤੇ ਫੱਰੀ ਸੋਟੀ (ਵਿਅਕਤੀਗਤ ਤੇ ਟੀਮ ਈਵੈਂਟ) ਦੇ ਹੋਣ ਵਾਲੇ ਇੰਨਾਂ ਮੁਕਾਬਲਿਆਂ ਵਿੱਚ ਟੀਮਾਂ ਦੇ ਭਾਗ ਲੈਣ ਬਾਰੇ ਅਤੇ ਟੀਮਾਂ ਦੀਆਂ ਐਂਟਰੀਆਂ ਭੇਜਣ ਲਈ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਨੂੰ ਪਹਿਲਾਂ ਹੀ ਈਮੇਲ ਰਾਹੀਂ ਸੂਚਨਾ ਭੇਜੀ ਜਾ ਚੁੱਕੀ ਹੈ। ਉਨਾਂ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਦੇ ਖੇਡ ਡਾਇਰੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਯੂਨੀਵਰਸਿਟੀਆਂ ਦੀਆਂ ਟੀਮਾਂ (ਮਰਦ ਅਤੇ ਔਰਤਾਂ) ਦੀਆਂ ਐਂਟਰੀਆਂ ਯੂਨੀਵਰਸਿਟੀ ਦੀ ਈਮੇਲ [email protected] ਉੱਪਰ ਹਰ ਹਾਲਤ ਵਿੱਚ 30 ਅਪ੍ਰੈਲ ਤੱਕ ਭੇਜ ਦੇਣ। ਹੋਰ ਵੇਰਵੇ ਦਿੰਦਿਆਂ ਗੱਤਕਾ ਪ੍ਰਮੋਟਰ ਹਰਜੀਤ ਗਰੇਵਾਲ ਅਤੇ ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ 2 ਮਈ ਨੂੰ ਇੰਨਾਂ ਮੁਕਾਬਲਿਆਂ ਲਈ ਸਾਰੀਆਂ ਟੀਮਾਂ ਦੀਆਂ ਟਾਈਆਂ ਪੈਣਗੀਆਂ ਜਦਕਿ 4 ਅਤੇ 5 ਮਈ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮਰਦਾਂ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਹੋਣਗੇ। ਇਸੇ ਤਰਾਂ 6 ਅਤੇ 7 ਮਈ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮਹਿਲਾ ਗੱਤਕਾ ਟੀਮਾਂ ਦੇ ਮੁਕਾਬਲੇ ਹੋਣਗੇ। ਉਨਾਂ ਦੱਸਿਆ ਕਿ ਉਕਤ ਟੂਰਨਾਮੈਂਟਾਂ ਤੋਂ ਇੱਕ ਦਿਨ ਪਹਿਲਾਂ ਭਾਗ ਲੈਣ ਵਾਲੀਆਂ ਵੱਖ-ਵੱਖ ਗੱਤਕਾ ਟੀਮਾਂ ਦੇ ਮੈਨੇਜਰਾਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਟੀਮਾਂ ਦੇ ਭਾਗ ਲੈਣ, ਐਨਜੀਏਆਈ ਦੇ ਗੱਤਕਾ ਨਿਯਮਾਂ ਅਤੇ ਅਨੁਸ਼ਾਸ਼ਨ ਸਬੰਧੀ ਹਦਾਇਤਾਂ ਦੱਸੀਆਂ ਜਾਣਗੀਆਂ।

LEAVE A REPLY

Please enter your comment!
Please enter your name here