ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਵਲੋਂ ਪੀਲੇ ਕਾਰਡਾਂ ਵਿਚ ਵਿਤਕਰੇਬਾਜ਼ੀ ਖਿਲਾਫ਼ ਸੰਘਰਸ਼ ਨੂੰ ਡੀਐਮਏ ਵਲੋਂ ਪੂਰਾ ਸਮਰਥਨ ਦੇਣ ਦਾ ਐਲਾਨ

ਜਲੰਧਰ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਨਾਲ ਅਪਣਾਈ ਜਾ ਰਹੀ ਭੇਦਭਾਵ ਪੂਰਨ ਦੋਗਲੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ ਦਾ ਸੁਆਗਤ ਕਰਦੇ ਹੋਏ ਡਿਜੀਟਲ ਮੀਡੀਆ ਐਸੋਸੀਏਸ਼ਨ (ਡੀਐਮਏ) ਜਲੰਧਰ ਨੇ ਇਸ ਸੰਘਰਸ਼ ਵਿਚ ਪੱਤਰਕਾਰ ਭਾਈਚਾਰੇ ਦੇ ਹੱਕਾਂ ਲਈ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਡੀਐਮਏ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਜਲੰਧਰ ਦੇ ਜਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਵੈੱਬ ਪੋਰਟਲਾਂ/ਵੈੱਬ ਚੈਨਲਾਂ ਦੇ ਸਮੂਹ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਉਕਤ ਅਧਿਕਾਰੀ ਵਲੋਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸਐਸਪੀ ਆਦਿ ਅਧਿਕਾਰੀਆਂ ਦੇ ਪੱਤਰਕਾਰ ਸੰਮੇਲਨਾਂ ਵਿਚ ਮੀਡੀਆ ਕਰਮੀਆਂ ਨੂੰ ਸੱਦਾ ਦੇਣ ਦੌਰਾਨ ਇਸ ਪ੍ਰੈਸ ਕਾਨਫਰੰਸ ਵਿਚ ਸਿਰਫ ਪੀਲੇ ਕਾਰਡ ਅਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਦੇ ਹੀ ਸ਼ਾਮਲ ਹੋਣ ਬਾਰੇ ਵਿਸ਼ੇਸ਼ ਟਿੱਪਣੀ ਦਰਜ ਕੀਤੀ ਜਾਂਦੀ ਹੈ। ਇਹ ਪ੍ਰੈਸ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਹੈ। ਜਿਸ ਨੂੰ ਡੀਐਮਏ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।
ਡੀਐਮਏ ਦੇ ਚੀਫ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸੰਧੂ ਨੇ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਉਸ ਬਿਆਨ ਦਾ ਸੁਆਗਤ ਕੀਤਾ ਹੈ ਜਿਸ ਵਿਚ ਉਹਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੇਂਦਰ ਸਰਕਾਰ ਦੇ ਆਰਐਨਆਈ ਵਿਭਾਗ ਤੋਂ ਰਜਿਸਟਰਡ ਹਫਤਾਵਰੀ, ਪੰਦਰਵਾੜਾ, ਮਹੀਨਾਵਾਰ ਅਖਬਾਰਾਂ/ ਮੈਗਜ਼ੀਨ ਆਦਿ ਨਾਲ ਸਬੰਧਤ ਨੁਮਾਇੰਦਿਆਂ ਦੇ ਪੀਲੇ ਕਾਰਡ ਪਹਿਲ ਦੇ ਅਧਾਰ ਤੇ ਬਣਾਏ ਜਾਣ ਦੀ ਮੰਗ ਕੀਤੀ ਹੈ। ਸ੍ਰ. ਸੰਧੂ ਨੇ ਕਿਹਾ ਕਿ ਡੀਪੀਆਰਓ ਜਲੰਧਰ ਵਲੋਂ ਪੀਲੇ ਕਾਰਡ ਬਣਾਉਣ ਲਈ ਪੰਜਾਬ ਸਰਕਾਰ ਦੀ ਸਿਰਫ ਡੀਏਵੀਪੀ ਨੂੰ ਆਧਾਰ ਬਣਾਉਣ ਦੀ ਨੀਤੀ ਦਾ ਹਵਾਲਾ ਦੇ ਕੇ ਪੱਤਰਕਾਰਾਂ ਦੇ ਸਨਮਾਨ ਨੂੰ ਵੀ ਠੇਸ ਪਹੁੰਚਾਉਣਾ ਬਿਲਕੁਲ ਜਾਇਜ਼ ਨਹੀਂ। ਉਹਨਾ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੋ ਕੋਈ ਪੱਤਰਕਾਰ ਬੀਤੇ ਸਮੇਂ ਦੌਰਾਨ ਕਿਸੇ ਵੀ ਅਦਾਰੇ ਵਲੋਂ ਇੱਕ ਜਾਂ ਵਧੇਰੇ ਵਾਰ ਪੀਲੇ ਕਾਰਡ ਦਾ ਧਾਰਕ ਰਹਿ ਚੁੱਕਾ ਹੈ ਅਤੇ ਬੇਸ਼ੱਕ ਹੁਣ ਉਸਨੇ ਆਪਣਾ ਨਵਾਂ ਪੋਰਟਲ ਜਾਂ ਕਿਸੇ ਵੀ ਅਵਧੀ ਦਾ ਅਖ਼ਬਾਰ ਸ਼ੁਰੂ ਕੀਤਾ ਹੈ ਤਾਂ ਉਸਦਾ ਪੀਲਾ ਕਾਰਡ ਬਿਨਾ ਕਿਸੇ ਹੀਲ ਹੁੱਜਤ ਦੇ ਬਣ ਜਾਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਜਲੰਧਰ ਦੇ ਜਿਲ੍ਹਾ ਲੋਕ ਸੰਪਰਕ ਅਫਸਰ ਰਾਹੀਂ ਵੈੱਬ ਪੋਰਟਲਾਂ/ ਵੈੱਬ ਚੈਨਲਾਂ ਅਤੇ ਹਫਤਾਵਾਰੀ/ ਪੰਦਰਵਾੜਾ/ ਮਾਸਿਕ ਅਖ਼ਬਾਰ/ ਮੈਗਜੀਨ ਨਾਲ ਸਬੰਧਤ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹਫਤੇ ਦੇ ਅੰਦਰ-ਅੰਦਰ ਬੰਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਡੀਐਮਏ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਐਲਾਨ ਅਨੁਸਾਰ 27 ਜੂਨ ਨੂੰ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਮੂਹਰੇ ਭਾਰੀ ਰੋਸ ਅਤੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here