ਸਵੈ-ਰੁਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਨਵੇਂ ਉਦਮੀਆਂ ਦੀ ਬਾਂਹ ਫੜੇਗੀ ਪੰਜਾਬ ਸਰਕਾਰ: ਚੇਤਨ ਸਿੰਘ ਜੌੜਾਮਾਜਰਾ

ਪਟਿਆਲਾ(ਦ ਸਟੈਲਰ ਨਿਊਜ਼): ਸਟਾਰਟਅੱਪ ਪੰਜਾਬ ਤਹਿਤ ਨਵੇਂ ਉਦਮ, ਕਾਰੋਬਾਰ ਸਮੇਤ ਛੋਟੀਆਂ-ਵੱਡੀਆਂ ਸਨਅਤਾਂ ਦੀ ਸ਼ੁਰੂਆਤ ਕਰਨ ਦੇ ਚਾਹਵਾਨ ਉਦਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਢੁੱਕਵਾਂ ਮੰਚ ਪ੍ਰਦਾਨ ਕਰਨ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਭਰ ‘ਚੋਂ ਪਹਿਲਾ ਤੇ ਨਿਵੇਕਲਾ ਉਪਰਾਲਾ ਕਰਕੇ ‘ਫਿਊਚਰ ਟਾਈਕੂਨਜ਼-ਸਟਾਰਟਅੱਪ ਚੈਲੈਂਜ’ ਮੁਕਾਬਲਾ ਕਰਵਾਇਆ। ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਫਿਊਚਰ ਟਾਈਕੂਨਜ਼ ਦੇ ਗਰੈਂਡ ਫਿਨਾਲੇ ‘ਚ ਜੇਤੂ ਰਹੇ 4 ਉਦਮੀਆਂ ਨੂੰ ਸਨਮਾਨਤ ਕਰਨ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ਼ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਵੈ-ਰੁਜ਼ਗਾਰ ਤੇ ਸਟਾਰਟਅੱਪ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕਰਨ ਲਈ ਨਵੇਂ ਉਦਮੀਆਂ ਦੀ ਬਾਂਹ ਫੜੇਗੀ।
ਚੇਤਨ ਸਿੰਘ ਜੌੜਾਮਾਜਰਾ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਕਰਵਾਏ ‘ਫਿਊਚਰ ਟਾਈਕੂਨਜ਼-ਸਟਾਰਟ ਅੱਪ ਚੈਲੈਂਜ’ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਮੌਕੇ ਬਹੁਤ ਹਨ ਪਰੰਤੂ ਇਨ੍ਹਾਂ ਦੀ ਤਲਾਸ਼ ਕਰਕੇ ਹੁਨਰਮੰਦਾਂ ਨੂੰ ਇਹ ਮੌਕੇ ਪ੍ਰਦਾਨ ਕਰਲ ਦੀ ਲੋੜ ਹੈ ਅਤੇ ਫਿਊਚਰ ਟਾਈਕੂਨਜ਼ ਨੇ ਇਸ ਪਾਸੇ ਕਦਮ ਵਧਾਇਆ ਹੈ। ਫਿਊਚਰ ਟਾਈਕੂਨਜ਼ ਸਟਾਰਟ ਅੱਪ ਚੈਲੇਂਜ ਦੇ ਜੇਤੂ ਚਾਰ ਉਦਮੀਆਂ ਨੂੰ ਸਨਮਾਨਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਹੁਨਰਮੰਦਾਂ ਨੂੰ ਆਪਣਾ ਰੋਜ਼ਗਾਰ ਤੇ ਕਾਰੋਬਾਰ ਸ਼ੁਰੂ ਲਈ ਕਰਜ਼ੇ ਦੀ ਸਹੂਲਤ, ਐਨ.ਓ.ਸੀਜ਼ ਸਮੇਤ ਹੋਰ ਤਕਨੀਕੀ ਸਹਾਇਤਾ ਆਦਿ ਇੱਕ ਛੱਤ ਹੇਠਾਂ ਪ੍ਰਦਾਨ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਊਚਰ ਟਾਈਕੂਨਜ਼ ਸਟਾਰਟਅੱਪ ਚੈਲੈਂਜ ‘ਚ ਆਪਣੇ ਨਵੇਂ-ਨਵੇਂ ਆਈਡੀਆਜ਼ ਲੈਕੇ ਪੁੱਜੇ ਸਾਰੇ ਉਦਮੀ ਇੱਕ ਤੋਂ ਇੱਕ ਵੱਧਕੇ ਸਾਹਮਣੇ ਆਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਖ਼ੁਦ ਵੀ ਨਵੇਂ ਉਦਮੀਆਂ ਦੀ ਹਰ ਸੰਭਵ ਸਹਾਇਤਾ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ ਦੇ ਸੁਪਨਮਈ ਪ੍ਰਾਜੈਕਟਾਂ ਨੂੰ ਅੱਗੇ ਲਿਆ ਕੇ ਅਸਲ ‘ਚ ਰੂਪਮਾਨ ਕਰਨ ਲਈ ਫਿਊਚਰ ਟਾਈਕੂਨਜ਼ ਰਾਹੀਂ ਇੱਕ ਢੁੱਕਵਾਂ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਅੰਤਮ ਜੇਤੂ ਰਹੇ 4 ਜਣਿਆਂ ‘ਚ ਵਿਦਿਆਰਥੀ ਵਰਗ ‘ਚ ਭੇਡਾਂ ਦੇ ਦੁੱਧ ਦਾ ਕਾਰੋਬਾਰ ਕਰਨ ਵਾਲੀ ਵਿਦਿਆਰਥਣ ਮਨਤ ਮਹਿਮੀ, ਦਿਵਿਆਂਗਜਨਾਂ ਵਰਗ ‘ਚ ਡਾ. ਕਿਰਨ, ਔਰਤਾਂ ਦੇ ਵਰਗ ‘ਚ ਸਵੈ-ਸਹਾਇਤਾ ਗਰੁਪ ਦੀ ਮੈਂਬਰ ਅਮਨਦੀਪ ਕੌਰ ਮਹਿਰਾ ਤੇ ਓਪਨ ਵਰਗ ‘ਚ ਗੋਹੇ ਤੋਂ ਲੱਕੜ ਤਿਆਰ ਕਰਨ ਵਾਲੇ ਕਾਰਤਿਕ ਪਾਲ ਸ਼ਾਮਲ ਹਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ‘ਚੋਂ 4 ਜੇਤੂਆਂ ਨੂੰ ਲੋਨ-ਸਬਸਿਡੀ, ਸਰਕਾਰੀ ਸਹਾਇਤਾ ਤੋਂ ਇਲਾਵਾ 50-50 ਹਜ਼ਾਰ ਰੁਪਏ ਨਗ਼ਦ ਪੁਰਸਕਾਰ ਦੇਣ ਸਮੇਤ ਏਂਜਲ ਇਨਵੈਸਟਰਜ਼ ਵੱਲੋਂ ਸਹਾਇਤਾ ਤੇ ਤਕਨੀਕੀ ਸੇਧ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਪ੍ਰਾਜੈਕਟ, ‘ਚ 131 ਮਹਿਲਾਵਾਂ, 7 ਦਿਵਿਆਂਗਜਨਾਂ ਤੇ 175 ਨੌਜਵਾਨਾਂ ਸਮੇਤ 102 ਆਮ ਲੋਕਾਂ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਤੇ ਨਵੇਂ ਆਈਡੀਆਜ਼ ਪੇਸ਼ ਕੀਤੇ, ਜਿਸ ‘ਚੋਂ ਗਰੈਂਡ ਫਿਨਾਲੇ ਲਈ 16 ਨਵੇਂ ਸੰਕਲਪਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਨੇ ਅੱਜ ਆਪਣੀ ਪੇਸ਼ਕਾਰੀ ਜਿਊਰੀ ਸਨਮੁੱਖ ਪੇਸ਼ ਕੀਤੀ।ਰੇਡੀਐਂਟ ਟੈਕਸਟਾਈਜ਼ ਸਮਾਣਾ ਦੇ ਪ੍ਰਧਾਨ ਗਿਆਨ ਚੰਦ ਕਟਾਰੀਆ, ਐਮ.ਐਸ.ਐਮ.ਈ. ਰਾਜਪੁਰਾ ਦੇ ਪ੍ਰਧਾਨ ਦੀਪਕ ਸ੍ਰੀਵਾਸਤਵਾ ਦੇ ਖਾਸ ਯੋਗਦਾਨ ਨਾਲ ਸੰਪੰਨ ਹੋਏ ਇਸ ਗ੍ਰੈਂਡ ਫਿਨਾਲੇ ‘ਚ ਜਿਊਰੀ ਮੈਂਬਰਾਂ ਵਜੋਂ ਪਟਿਆਲਾ ਇੰਡਸਟਰੀ ਐਸਸੋਸੀਏਸ਼ਨ ਦੇ ਮੀਤ ਪ੍ਰਧਾਨ ਐਚ.ਪੀ.ਐਸ. ਲਾਂਬਾ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਤਿੰਦਰ ਕੌਰ, ਅਭਿਸ਼ੇਕ ਪੁਰੋਹਿਤ, ਥਾਪਰ ਇੰਸਟੀਚਿਊਟ ਦੇ ਡਾ. ਕਰਮਿੰਦਰ ਘੁੰਮਣ, ਚਿਤਕਾਰਾ ਯੂਨੀਵਰਸਿਟੀ ਦੇ ਡਾ. ਆਦਰਸ਼ ਕੁਮਾਰ ਅਗਰਵਾਲ, ਐਡਵੋਕੇਟ ਸੁਖਜਿੰਦਰ ਸਿੰਘ ਅਨੰਦ, ਅਸ਼ਿਤਾ ਮਿੱਤਲ, ਵਿਕਾਸ ਜੈਨ, ਸਰਵ ਦਮਨ ਭਾਰਤ ਅਤੇ ਦੀਪਕ ਸ੍ਰੀਵਾਸਤਵਾ ਸ਼ਾਮਲ ਸਨ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਰਨੈਲ ਸਿੰਘ ਮੰਨੂ, ਜ਼ਿਲ੍ਹਾ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਤੇਜਿੰਦਰ ਮਹਿਤਾ ਤੇ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਈਵੈਂਟ ਮੈਨੇਜਰ ਅੰਗਰੇਜ਼ ਸਿੰਘ ਰਾਮਗੜ੍ਹ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀਜ਼ ਗੌਤਮ ਜੈਨ ਤੇ ਈਸ਼ਾ ਸਿੰਘਲ, ਰੋਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਡੀ.ਐਮ. ਅੰਗਦ ਸਿੰਘ ਸੋਹੀ, ਸਟਾਰਟਅੱਪ ਪੰਜਾਬ ਤੋਂ ਸਲਿਲ ਕਪਿਲਾਸ਼, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਡਾਇਰੈਕਟਰ ਪ੍ਰਕਾਸ਼ ਗੋਪਾਲਨ, ਰਜਿਸਟਰਾਰ ਡਾ. ਗੁਰਬਿੰਦਰ ਸਿੰਘ ਤੇ ਡੀਨ ਇੰਦਰਵੀਰ ਕੌਰ ਚਾਨਾ, ਪ੍ਰੋ. ਗੁਰਬਖ਼ਸ਼ੀਸ ਸਿੰਘ ਅੰਟਾਲ ਸਮੇਤ ਵੱਡੀ ਗਿਣਤੀ ‘ਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ, ਵਿਦਿਆਰਥੀ ਤੇ ਨਵੇਂ ਉਦਮੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here