ਬਾਗਬਾਨੀ ਮੰਤਰੀ ਨੇ ਫਲ ਉਤਪਾਦਕਾਂ ਨੂੰ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਕੀਤਾ ਪ੍ਰੇਰਿਤ

ਚੰਡੀਗੜ, (ਦ ਸਟੈਲਰ ਨਿਊਜ਼): ਪੰਜਾਬ ਦੇ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਨੇ ਫਲ ਉਤਪਾਦਕ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਬਾਗਬਾਨ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਹੀ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਵੀ ਵੱਧਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਾਗਬਾਨੀ ਦੀ ਉੱਨਤੀ ਲਈ ਅਤੇ ਕਿਸਾਨੀ ਧੰਦੇ ਨੂੰ ਮੁਨਾਫੇ ਵਾਲਾ ਬਣਾਉਣ ਲਈ ਖਾਸ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਹਿਲੇ ਦਿਨ ਤੋਂ ਹੀ ਇਸ ਕੋਸ਼ਿਸ ਵਿਚ ਲੱਗੇ ਹੋਏ ਹਨ ਕਿ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ‘ਚੋਂ ਕੱਢ ਕੇ ਸਹਾਇਕ ਕਿੱਤਿਆਂ ਵੱਲ ਪ੍ਰੇਰਿਤ ਕੀਤਾ ਜਾਵੇ ਅਤੇ ਇਸੇ ਮਕਸਦ ਨਾਲ ਬਾਗਬਾਨੀ ਵੱਲ ਵਿਸੇਸ ਤਵੱਜੋ ਦਿੱਤੀ ਜਾ ਰਹੀ ਹੈ। 

Advertisements

ਪੰਜਾਬ ਭਵਨ ਵਿਚ ਪਠਾਨਕੋਟ ਲੀਚੀ ਉਤਪਾਦਕ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਕਿੰਨੂ, ਲੀਚੀ, ਅੰਬ, ਆਂਵਲਾ, ਅਮਰੂਦ ਆਦਿ ਫਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਜੇਕਰ ਇਨਾਂ ਫਲਾਂ ਤੋਂ ਜੂਸ, ਮੁਰੱਬੇ ਅਤੇ ਹੋਰ ਖਾਣਯੋਗ ਪਦਾਰਥ ਤਿਆਰ ਕਰਕੇ ਵੇਚਣ ਤਾਂ ਇਸ ਨਾਲ ਉਨਾਂ ਨੂੰ ਚੋਖਾ ਮੁਨਾਫਾ ਹੋਵੇਗਾ। ਸਰਕਾਰ ਦੀ ਮੱਦਦ ਨਾਲ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ ਉਨਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਵੀ ਜਾਰੀ ਕੀਤੇ। 

ਉਨਾਂ ਕਿਹਾ ਕਿ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਫਲਾਂ ਦੀ ਵੇਸਟੇਜ਼ ਘਟਾਉਣ ਲਈ ਫੂਡ ਪ੍ਰੋਸੈਸਿੰਗ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਉਂ ਕਿ ਜਿਹੜੇ ਫਲ ਰੁੱਖਾਂ ਤੋਂ ਟੁੱਟ ਕੇ ਧਰਤੀ ‘ਤੇ ਡਿੱਗ ਜਾਂਦੇ ਹਨ, ਉਨਾਂ ਨੂੰ ਪ੍ਰੋਸੈੱਸ ਕਰਕੇ ਵੱਧ ਭਾਅ ‘ਤੇ ਵੇਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬਾਗਾਂ ਵਿਚ ਸੋਲਰ ਪੰਪ ਲਗਾਉਣ ਲਈ ਵੀ ਉਨਾਂ ਬਾਗਬਾਨਾਂ ਨੂੰ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਬਿਜਲੀ ਦੀ ਘਾਟ ਦਾ ਸਭ ਤੋਂ ਵਧੀਆ ਵਿਕਲਪ ਸੋਲਰ ਹੈ। ਫੌਜਾ ਸਿੰਘ ਸਰਾਰੀ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਲ ਉਤਪਾਦਕ ਕਿਸਾਨਾਂ ਦੀ ਸਿਖਲਾਈ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਇਕ ਖਾਕਾ ਤਿਆਰ ਕੀਤਾ ਜਾਵੇ ਤਾਂ ਜੋ ਕਿਸਾਨ ਨਵੀਆਂ ਤਕਨੀਕਾਂ ਅਪਣਾ ਸਕਣ। ਬਾਗਬਾਨਾਂ ਨੇ ਇਸ ਮੌਕੇ ਕੁਝ ਮੰਗਾਂ ਵੀ ਰੱਖੀਆਂ ਜਿਨਾਂ ਦੇ ਨਿਪਟਾਰੇ ਲਈ ਮੰਤਰੀ ਨੇ ਹਾਂ ਪੱਖੀ ਰਵੱਈਆ ਵਿਖਾਇਆ। 

ਕਾਬਿਲੇਗੌਰ ਹੈ ਕਿ ਇਸ ਮੀਟਿੰਗ ਤੋਂ ਬਾਗਬਾਨ ਕਾਫੀ ਖੁਸ਼ ਸਨ। ਉਨਾਂ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਉਨਾਂ ਨੂੰ ਖੁਦ ਮੀਟਿੰਗ ਲਈ ਬੁਲਾ ਕੇ ਉਨਾਂ ਦੀਆਂ ਮੁਸ਼ਕਿਲਾਂ ਜਾਣੀਆਂ ਹਨ ਅਤੇ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਉਨਾਂ ਦੇ ਸੁਝਾਅ ਮੰਗੇ ਗਏ ਹਨ। ਇਸ ਮੌਕੇ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

LEAVE A REPLY

Please enter your comment!
Please enter your name here