ਮੁੱਖ ਮੰਤਰੀ ਮਾਨ ਵੱਲੋਂ ਹਰਜਿੰਦਰ ਕੌਰ ਦੀ ਪ੍ਰਾਪਤੀ ‘ਤੇ ਵਧਾਈ ਦਿੰਦਿਆਂ 40 ਲੱਖ ਦਾ ਨਕਦ ਇਨਾਮ ਦੇਣਾ ਸ਼ਲਾਘਯੋਗ: ਪ੍ਰੋ. ਅਰਵਿੰਦ


ਪਟਿਆਲਾ (ਦ ਸਟੈਲਰ ਨਿਊਜ਼): ਬਰਮਿੰਘਮ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਹਰਜਿੰਦਰ ਕੌਰ ਵੱਲੋਂ ‘ਭਾਰ ਚੁੱਕਣ’ ਦੇ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਗਿਆ ਹੈ। ਯੂਨੀਵਰਸਿਟੀ ਵਿਦਿਆਰਥਣ ਦੀ ਇਸ ਪ੍ਰਾਪਤੀ ਨੂੰ ਮਾਣਮੱਤੀ ਕਰਾਰ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਜਿੰਦਰ ਕੌਰ ਦੀ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਉਸ ਨੂੰ 40 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕਰਨਾ ਸ਼ਲਾਘਾਯੋਗ ਹੈ।

Advertisements


ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਪ੍ਰੋ. ਅਰਵਿੰਦ ਨੇ ਦੱਸਿਆ ਕਿ ਹਰਜਿੰਦਰ ਕੌਰ ਦੀ ਇਸ ਪ੍ਰਾਪਤੀ ਉੱਤੇ ਸਿਰਫ਼ ਪੰਜਾਬੀ ਯੂਨੀਵਰਸਿਟੀ ਹੀ ਨਹੀਂ ਬਲਕਿ ਸਮੁੱਚਾ ਦੇਸ ਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਿਦਿਆਰਥਣ ਦੀ ਪ੍ਰਸ਼ੰਸਾ ਕਰਨਾ ਮਾਣ ਮੱਤਾ ਹੈ।


ਉਨ੍ਹਾਂ ਅੱਗੇ ਕਿਹਾ ਕਿ ਦੇਸ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖ਼ੁਦ ਟਵਿੱਟਰ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਹੈ। ਇਸੇ ਤਰ੍ਹਾਂ ਕੇਂਦਰੀ ਕੈਬਨਿਟ ਮੰਤਰੀ ਨਿਤਿਨ ਗਡਕਰੀ ਤੇ ਪ੍ਰਕਾਸ਼ ਜਾਵਡੇਕਰ ਤੋਂ ਲੈ ਕੇ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਤੱਕ ਦੇਸ ਦੀਆਂ ਵੱਡੀਆਂ ਸ਼ਖ਼ਸੀਅਤਾਂ ਅਤੇ ਅਦਾਰਿਆਂ ਵੱਲੋਂ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਗਈਆਂ ਹਨ।


ਵਾਈਸ ਚਾਂਸਲਰ ਨੇ ਹਰਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਾਲਵਾ ਖਿੱਡੇ ਦੇ ਵੱਡੇ ਪੇਂਡੂ ਖੇਤਰ ਦੀਆਂ ਲੜਕੀਆਂ, ਗਰੀਬ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਦੇ ਉਚੇਰੀ ਸਿੱਖਿਆ ਅਤੇ ਇਸ ਨਾਲ਼ ਜੁੜੀਆਂ ਗਤੀਵਿਧੀਆਂ ਨਾਲ਼ ਸੰਬੰਧਤ ਸੁਪਨਿਆਂ ਨੂੰ ਪੂਰਾ ਕਰਨ ਹਿਤ ਪੰਜਾਬੀ ਯੂਨੀਵਰਸਿਟੀ ਦੀ ਭੂਮਿਕਾ ਮਿਸਾਲੀ ਹੈ। ਵਾਈਸ ਚਾਂਸਲਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿੱਚ ‘ਭਾਰ ਚੁੱਕਣ’ ਦੇ ਕੋਚ ਪਰਮਜੀਤ ਸ਼ਰਮਾ, ਜੋ ਖੁਦ ਅਰਜਨ ਐਵਾਰਡੀ ਹਨ, ਵੱਲੋਂ ਹਰਜਿੰਦਰ ਕੌਰ ਨੂੰ 2016 ਤੋਂ ਤਿਆਰੀ ਕਰਵਾਈ ਜਾ ਰਹੀ ਸੀ। ਇਸ ਅਰਸੇ ਦੌਰਾਨ ਹਰਜਿੰਦਰ ਕੌਰ ਨੇ ਖੇਲੋ ਇੰਡੀਆ ਅਤੇ ਅੰਤਰ-ਵਰਿਸਟੀ ਖੇਡ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਿਲ ਕਰਨ ਸਮੇਤ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ।


ਕੋਚ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਹਰਜਿੰਦਰ ਨਾਭਾ ਨੇੜਲੇ ਪਿੰਡ ਮੈਹਸ ਤੋਂ ਇਕ ਬਹੁਤ ਹੀ ਸਧਾਰਨ ਘਰ ਦੀ ਲੜਕੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਉਸ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਖਾਣ ਪੀਣ ਦੀਆਂ ਵਿਸ਼ੇਸ਼ ਲੋੜਾਂ ਦੇ ਹਿਸਾਬ ਨਾਲ ਖੁਰਾਕ ਅਤੇ ਹੋਰਨਾਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਵਿਦਿਆਰਥੀ ਉੱਤੇ ਮਾਣ ਮਹਿਸੂਸ ਕਰਦੇ ਹਨ।
ਇਸੇ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਸੰਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਹਰਜਿੰਦਰ ਕੌਰ 2016 ਤੋਂ ਪੰਜਾਬੀ ਯੂਨੀਵਰਸਿਟੀ ਨਾਲ ਜੁੜੀ ਸੀ, ਉਸ ਨੇ ਪੰਜਾਬੀ ਯੂਨੀਵਰਸਿਟੀ ਦੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਮੌਜੂਦਾ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਦੇ ਐੱਸ. ਆਰ. ਐੱਸ. ਸਰੀਰਿਕ ਸਿੱਖਿਆ ਕਾਲਜ ਕਲਿਆਣ ਦੀ ਵਿਦਿਆਰਥਣ ਹੈ।


ਜਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ ਵਿੱਚ 72 ਦੇਸਾਂ ਦੇ ਖਿਡਾਰੀ ਭਾਗ ਲੈ ਰਹੇ ਹਨ ਅਤੇ 71 ਕਿਲੋ ਵਰਗ ਵਿੱਚ ਸੋਮਵਾਰ ਨੂੰ ਹਰਜਿੰਦਰ ਕੌਰ ਨੇ ਇੱਕ ਰੋਮਾਂਚਿਕ ਮੁਕਾਬਲੇ ਦੌਰਾਨ ਇਹ ਪ੍ਰਾਪਤੀ ਕੀਤੀ। ਹਰਜਿੰਦਰ ਕੌਰ ਨੇ ਇਹ ਮੁਕਾਬਲਾ 93 ਕਿੱਲੋ ਸਨੈਚ ਅਤੇ 119 ਕਿੱਲੋ ਕਲੀਨ ਜਰਕ ਭਾਵ ਕੁੱਲ 212 ਕਿੱਲੋ ਨਾਲ ਜਿੱਤਿਆ। ਇੰਗਲੈਂਡ ਦੀ ਖਿਡਾਰੀ ਸਾਰਾਹ ਡੈਵੀਜ਼ ਨੇ ਇਸ ਮੁਕਾਬਲੇ ਵਿੱਚ 229 ਕਿੱਲੋ ਨਾਲ ਸੋਨ ਤਗ਼ਮਾ ਹਾਸਿਲ ਕੀਤਾ ਅਤੇ ਕੈਨੇਡਾ ਦੀ ਅਲੈਕਸਿਸ ਐਸ਼ਵਰਥ ਨੇ 214 ਕਿੱਲੋ ਨਾਲ ਚਾਂਦੀ ਤਗ਼ਮਾ ਹਾਸਿਲ ਕੀਤਾ। ਹਰਜਿੰਦਰ ਕੌਰ ਨੇ ਇਹ ਪ੍ਰਾਪਤੀ ਨਾਈਜੀਰੀਆ ਦੀ ਖਿਡਾਰੀ ਜੋਇ ਐਜ਼ੇ, ਜੋ ਕਿ ਪਿਛਲੇ ਸਮੇਂ ਵੱਖ ਵੱਖ ਕੌਮਾਂਤਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਵਿਜੇਤਾ ਹੋ ਚੁੱਕੀ ਹੈ, ਨੂੰ ਪਛਾੜ ਕੇ ਹਾਸਿਲ ਕੀਤੀ।

LEAVE A REPLY

Please enter your comment!
Please enter your name here