ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ, ਸਪੋਰਟਸ ਸਟੇਡੀਅਮ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼

ਗੁਰਦਾਸਪੁਰ, (ਦ ਸਟੈਲਰ ਨਿਊਜ਼): ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਅਗਾਜ਼ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ, ਸਪੋਰਟਸ ਸਟੇਡੀਅਮ ਗੁਰਦਾਸਪੁਰ ਵਿਖੇ ਹੋ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮਦ ਬੰਬਾ, ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ, ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ।

Advertisements

ਜ਼ਿਲ੍ਹਾ ਪੱਧਰੀ ਖੇਡਾਂ ਦੇ ਉਦਘਾਟਨੀ ਸਮਾਗਮ ਦੌਰਾਨ ਸਭ ਤੋਂ ਪਹਿਲਾ ਸਰਕਾਰੀ ਕਾਲਜ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕੀਤਾ। ਇਸ ਉਪਰੰਤ ਸਰਵਜੋਤੀ ਮਾਡਰਨ ਸਕੂਲ ਬਹਿਰਾਮਪੁਰ ਦੀਆਂ ਵਿਦਿਆਰਥਣਾਂ ਨੇ ਗਿੱਧਾ ਅਤੇ ਡੀ.ਏ.ਵੀ. ਸਕੂਲ ਧਾਰੀਵਾਲ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕਰਕੇ ਉਦਘਾਟਨੀ ਸਮਾਗਮ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ। ਖੇਡ ਵਿਭਾਗ ਦੇ ਜਿਮਨਾਸਟਿਕ ਖਿਡਾਰੀਆਂ ਤੇ ਖਿਡਾਰਨਾਂ ਨੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਪਹੁੰਚੇ ਹੋਏ ਸਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਤੇ ਹੋਰ ਮਹਿਮਾਨਾਂ ਨੇ ਰੰਗ-ਬਿਰੰਗੇ ਗੁਬਾਰੇ ਅਸਮਾਨ ਵਿੱਚ ਛੱਡ ਕੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਕਬੱਡੀ ਸਰਕਲ ਸਟਾਈਲ ਦੇ 12 ਤੋਂ 40 ਉਮਰ ਵਰਗ ਦਾ ਉਦਘਾਟਨੀ ਮੈਚ ਫ਼ਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦਰਮਿਆਨ ਖੇਡਿਆ ਗਿਆ ਜਿਸਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਵੱਲੋਂ ਕਰਵਾਈ ਗਈ। ਇਹ ਮੈਚ ਫ਼ਤਹਿਗੜ੍ਹ ਚੂੜੀਆਂ ਦੀ ਕਬੱਡੀ ਟੀਮ ਨੇ 27-34 ਦੇ ਫਰਕ ਨਾਲ ਜਿੱਤਿਆ। ਇਸ ਮੌਕੇ ਹਾਜ਼ਰ ਖਿਡਾਰੀਆਂ ਅਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ ਹੋਣ ਦੀ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 15 ਤੋਂ 22 ਸਤੰਬਰ ਤੱਕ ਚੱਲਣ ਵਾਲੇ ਜ਼ਿਲਾ ਪੱਧਰੀ ਮੁਕਾਬਲੇ ਜ਼ਿਲੇ ਦੇ 10 ਵੱਖ-ਵੱਖ ਮੈਦਾਨਾਂ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਖੇਡ ਭਾਵਨਾਂ ਅਤੇ ਖੇਡਾਂ ਦੇ ਨਿਯਮਾਂ ਅਨੁਸਾਰ ਖੇਡਾਂ ਵਿੱਚ ਭਾਗ ਲੈਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਦੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਜੇਤੂਆਂ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਖੇਡ ਮੁਕਾਬਲਿਆਂ ਨੂੰ ਦੇਖਣ ਲਈ ਖੇਡ ਮੈਦਾਨਾਂ ਵਿੱਚ ਜਰੂਰ ਪਹੁੰਚਣ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ। ਇਸ ਮੌਕੇ ਉੱਘੇ ਜਨਤਕ ਆਗੂ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਸ. ਜਗਰੂਪ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਬਦੌਲਤ ਖਿਡਾਰੀਆਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਇਨ੍ਹਾਂ ਯਤਨਾ ਸਦਕਾ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਹੋਵੇਗਾ ਅਤੇ ਸਾਡੇ ਸੂਬੇ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਵੀ ਮੱਲਾਂ ਮਾਰਨਗੇ।

ਇਸ ਦੌਰਾਨ ੳੁੱਘੇ ਆਗੂ ਸ਼ਮਸ਼ੇਰ ਸਿੰਘ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਲ਼ਾਘਾ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਜਿਥੇ ਨਕਦ ਇਨਾਮ ਦਿੱਤੇ ਜਾਣਗੇ ਓਥੇ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਂਕਰੀਆਂ ਵਿੱਚ ਵੀ ਖੇਡਾਂ ਦੇ ਕੋਟੇ ਵਿੱਚ ਰਾਖਵਾਂਕਰਨ ਮਿਲੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ, ਤਹਿਸੀਲਾਦਰ ਗੁਰਦਾਸਪੁਰ ਜਗਤਾਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਅਮਰਜੀਤ ਸਿੰਘ ਭਾਟੀਆ, ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ, ਪ੍ਰੋ. ਬਲਜੀਤ ਸਿੰਘ, ਕਰੀਅਰ ਕਾਊਂਸਲਰ ਪਰਮਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here