ਪੈਨਸ਼ਨ ਲਗਾਉਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ: ਮੰਤਰੀ ਜਿੰਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਹੁਣ ਲੋਕਾਂ ਨੂੰ ਪੈਨਸ਼ਨ ਲਗਾਉਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ ਅਤੇ ਹਰੇਕ ਪਿੰਡ ਅਤੇ ਸ਼ਹਿਰ ਵਿਚ ਬੁਢਾਪਾ, ਵਿਧਵਾ ਅਤੇ ਦਿਵਿਆਂਗ ਆਦਿ ਦੀਆਂ ਪੈਨਸ਼ਨਾਂ ਸਬੰਧੀ ਕੈਂਪ ਲਗਾਏ ਜਾਣਗੇ, ਜਿਥੇ ਸਾਰੇ ਸਰਕਾਰੀ ਅਧਿਕਾਰੀ ਮੌਜੂਦ ਹੋਣਗੇ ਅਤੇ ਮੌਕੇ ’ਤੇ ਹੀ ਪੈਨਸ਼ਨਾਂ ਲਗਾ ਦਿੱਤੀਆਂ ਜਾਣਗੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਰਹੀਮਪੁਰ ਅਤੇ ਜਹਾਨਖੇਲਾਂ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਬੁਢਾਪਾ, ਵਿਧਵਾ, ਦਿਵਿਆਂਗ, ਆਸ਼ਰਿਤ  ਆਦਿ ਦੀ ਪੈਨਸ਼ਨ ਸਬੰਧੀ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣਾ ਹੈ ਅਤੇ ਇਹ ਕੈਂਪ ਸੁਖਾਲੇ ਢੰਗ ਨਾਲ ਦਫ਼ਤਰੀ ਕਾਗਜ਼ਾਤ ਪੂਰੇ ਕਰਨ ਦਾ ਸਾਧਨ ਹਨ।

Advertisements

ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਲੋੜਵੰਦ ਪੈਨਸ਼ਨ ਦੀ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਕੈਂਪਾਂ ਵਿਚ ਲੋਕਾਂ ਦਾ ਉਤਸ਼ਾਹ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਹਾਂ ਪੱਖੀ ਕੰਮਾਂ ਦਾ ਭਰਪੂਰ ਹੁੰਗਾਰਾ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਨੂੰ ਹਰੇਕ ਸਹੂਲਤ ਘਰ-ਘਰ ਪਹੁੰਚਾਉਣਾ ਹੈ, ਜਿਸ ਤਹਿਤ ਅਜਿਹੇ ਕੈਂਪ ਹਰੇਕ ਪਿੰਡ ਅਤੇ ਕਸਬੇ ਵਿਚ ਲਗਾਏ ਜਾਣਗੇ। ਉਨ੍ਹਾਂ ਕੈਂਪਾਂ ਵਿਚ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ।  ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਰਹੀਮਪੁਰ ਅਤੇ ਜਹਾਨਖੇਲਾਂ ਵਿਖੇ ਲਗਾਏ ਇਨ੍ਹਾਂ ਸੁਵਿਧਾ ਕੈਂਪਾਂ ਵਿਚ ਲੋਕਾਂ ਵਲੋਂ ਬੁਢਾਪਾ, ਵਿਧਵਾ, ਦਿਵਿਆਂਗ, ਆਸ਼ਰਿਤ ਆਦਿ ਦੀ ਪੈਨਸ਼ਨਾਂ ਸਬੰਧੀ 101 ਫਾਰਮ ਭਰ ਕੇ ਇਨ੍ਹਾਂ ਕੈਂਪਾਂ ਦਾ ਲਾਭ ਪ੍ਰਾਪਤ ਕੀਤਾ ਗਿਆ।


ਇਸ ਮੌਕੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ, ਡਿਪਟੀ ਮੇਅਰ ਪ੍ਰਵੀਨ ਸੈਣੀ, ਸਟੇਟ ਜੁਆਇੰਟ ਸੈਕਟਰੀ ਦਲੀਪ ਓਹਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਸੀ.ਡੀ.ਪੀ.ਓ. ਰਣਜੀਤ ਕੌਰ ਤੇ ਮੰਜੂ ਬਾਲਾ, ਕੌਂਸਲਰ ਬਲਵਿੰਦਰ ਬਿੰਦੀ, ਅਮਰੀਕ ਚੌਹਾਨ, ਚੰਦਰਾਵਤੀ, ਸਾਬਕਾ ਕੌਂਸਲਰ ਖਰੈਤੀ ਲਾਲ ਕਤਨਾ, ਸਾਬਕਾ ਕੌਂਸਲ ਕੁਲਵਿੰਦਰ ਹੁੰਦਲ, ਚੰਦਨ ਲੱਕੀ, ਸੰਜੇ ਸ਼ਰਮਾ, ਗੰਗਾ ਪ੍ਰਸ਼ਾਦ, ਸਰਪੰਚ ਕਮਲ ਕੁਮਾਰ, ਸਾਬਕਾ ਸਰਪੰਚ ਜੁਗਲ ਕਿਸ਼ੋਰ, ਪ੍ਰਿਤਪਾਲ ਸਿੰਘ, ਅਸ਼ੋਕ ਪਹਿਲਵਾਨ, ਪੰਚ ਕੁਲਦੀਪ ਕੁਮਾਰ ਤੇ ਰਜਿੰਦਰ ਸਿੰਘ, ਕਰਨਜੋਤ ਸਿੰਘ ਆਦੀਆ, ਬੀਬੀ ਮਹਿੰਦਰ ਕੌਰ, ਅਰੁਣਦੀਪ ਬੇਦੀ, ਪੰਚ ਰਵੀ ਕੁਮਾਰ, ਅਮਨਦੀਪ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here