ਪਟਿਆਲਾ ਜ਼ਿਲ੍ਹੇ ਦੇ ਚਿਲਡਰਨ ਹੋਮਜ਼ ਦੇ ਬੱਚਿਆਂ ਨੇ ਮਾਤਾ ਖੀਵੀ ਜੀ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਦਾ ਲਿਆ ਆਸ਼ੀਰਵਾਦ

ਪਟਿਆਲਾ, ( ਦ ਸਟੈਲਰ ਨਿਊਜ਼)। ਪਟਿਆਲਾ ਜ਼ਿਲ੍ਹੇ ਦੇ ਚਿਲਡਰਨ ਹੋਮਜ਼ ਵਿਚ ਰਹੇ ਰਹੇ ਬੱਚਿਆਂ ਦਾ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਮਾਤਾ ਖੀਵੀ ਜੀ ਬਿਰਧ ਆਸ਼ਰਮ ਦਾ ਦੌਰਾ ਕਰਵਾਇਆ ਗਿਆ, ਜਿਥੇ ਜਾ ਕੇ ਬੱਚਿਆਂ ਨੇ ਬਜ਼ੁਰਗਾਂ ਪਾਸੋਂ ਆਸ਼ੀਰਵਾਦ ਲਿਆ ਤੇ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸਾਈਨਾ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਚੱਲ ਰਹੇ ਪ੍ਰੋਜੈਕਟ ‘ਮੇਰਾ ਬਚਪਨ’ ਅਧੀਨ ਅੱਜ ਪਟਿਆਲਾ ਜ਼ਿਲ੍ਹੇ ਦੇ ਚਿਲਡਰਨ ਹੋਮਜ਼ ਵਿੱਚ ਰਹਿ ਰਹੇ ਬੱਚਿਆਂ ਨੂੰ ਮਾਤਾ ਖੀਵੀ ਜੀ ਬਿਰਧ ਆਸ਼ਰਮ ਪਟਿਆਲਾ ਵਿਖੇ ਲਿਆਂਦਾ ਗਿਆ, ਜਿੱਥੇ ਬੱਚਿਆਂ ਨੇ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਸਮਾਂ ਬਿਤਾਇਆ।

Advertisements

ਉਨ੍ਹਾਂ ਦੱਸਿਆ ਕਿ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਔਂਕੜ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਚਿਲਡਰਨ ਹੋਮਜ਼ ਦੇ ਬੱਚਿਆਂ ਵੱਲੋਂ ਕੀਤੇ ਗਏ ਇਸ ਨਵੇਂ ਅਨੁਭਵ ਨੇ ਬੱਚਿਆਂ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਤੇ ਉਨ੍ਹਾਂ ਇਸ ਮੌਕੇ ਬਜ਼ੁਰਗਾਂ ਦੀ ਸੇਵਾ ਵੀ ਕੀਤੀ। ਇਸ ਮੌਕੇ ਬੱਚੇ ਬਿਰਧ ਆਸ਼ਰਮ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਦੌਰਾਨ ਬੱਚਿਆਂ ਨੇ ਸਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਉਤੇ ਭੰਗੜਾ, ਗਿੱਧਾ, ਗੀਤ ਤੇ ਨਾਟਕ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਗਿਆ ਕਿ ‘ਮੇਰਾ ਬਚਪਨ’ ਪ੍ਰੋਜੈਕਟ ਤਹਿਤ ਜ਼ਰੂਰਤਮੰਦ ਬੱਚਿਆਂ ਨੂੰ ਹਰ ਪੱਖ ਤੋਂ ਵਿਕਸਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here