ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 15 ਕਿਸਾਨ ਸਨਮਾਨਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਨਾ ਸਾੜਣ ਸੰਬੰਧੀ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵਲੋਂ ਕੀਤੀਆਂ ਅਪੀਲਾਂ ਦਾ ਅਸਰ ਜ਼ਿਲਾ ਫਿਰੋਜ਼ਪੁਰ ‘ਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਇਸ ਸਾਲ ਕਿਸਾਨਾਂ ਵਲੋਂ ਵੱਡੀ ਮਾਤਰਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਜੋ ਕਿ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਆਈ.ਏ.ਐੱਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਜ਼ਿਲ੍ਹੇ ਦੇ 15  ਕਿਸਾਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ। ਇਹ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਬੇਲਰ, ਹਰਪ੍ਰੀਤ ਸਿੰਘ ਮੋਹਨ ਕੇ ਹਿਠਾੜ, ਜਗਤਾਰ ਸਿੰਘ ਰੋਡੇ ਜੱਲੇ ਵਾਲਾ, ਦਲਜੀਤ ਸਿੰਘ ਬਹਿਕ ਫੱਤੂ, ਨਵਜੋਤਪਾਲ ਸਿੰਘ ਨੂਰਪੁਰ ਸੇਠਾਂ, ਬੂਟਾ ਸਿੰਘ ਤੱਲੀ ਸੈਦਾ ਸਾਹੂ, ਹਰਵਿੰਦਰ ਸਿੰਘ ਚੁਗੱਤੇ ਵਾਲਾ, ਮੰਗਤ ਸਿੰਘ ਬਸਤੀ ਭਾਈ ਕਾ, ਲਖਵਿੰਦਰ ਸਿੰਘ ਪੀਰੂ ਵਾਲਾ, ਗੁਰਪ੍ਰੀਤ ਸਿੰਘ ਤੱਲੀ ਸੈਦਾ ਸਾਹੂ, ਜਤਿੰਦਰ ਸਿੰਘ ਚੁਗੱਤੇ ਵਾਲਾ, ਸ਼ੀਤਲ ਸਿੰਘ ਢੋਲੇ ਵਾਲਾ, ਲਖਵੀਰ ਸਿੰਘ ਚੁਗੱਤੇ ਵਾਲਾ, ਗੁਰਭੇਜ ਸਿੰਘ ਟਿੱਬੀ ਕਲਾਂ ਅਤੇ ਵਿਰਸਾ ਸਿੰਘ ਬੁੱਕਣ ਖਾਂ ਵਾਲਾ ਹਨ।

Advertisements

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕਿਸਾਨਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਨ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਇਸ ਤੋਂ ਇਲਾਵਾ ਸੜਕਾਂ ਤੋਂ ਲੰਘਣ ਵਾਲੇ ਰਾਹੀਗਰ ਦੁਰਘਟਨਾ ਦਾ ਸਿਕਾਰ ਹੁੰਦੇ ਹਨ ਤੇ ਸਾਹ ਅਤੇ ਚਮੜੀ ਤੋਂ ਇਲਾਵਾ ਅਨੇਕਾਂ ਭਿਆਨਕ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏ ਨਾਲ ਹੁੰਦੇ ਨੁਕਸਾਨ ਅਤੇ ਸਾਂਭ ਸੰਭਾਲ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਡੀ ਪੱਧਰ ‘ਤੇ ਪਿੰਡ ਪਿੰਡ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ।

 ਉਨ੍ਹਾਂ ਅੱਗੇ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਹੁਣ ਤੱਕ ਜੋ ਮਸ਼ੀਨਾਂ ਕਿਸਾਨਾਂ, ਨਿੱਜੀ ਕਿਸਾਨਾਂ, ਕਿਸਾਨ ਗਰੁੱਪਾਂ, ਕੋਆਪ੍ਰੇਟਿਵ ਸੋਸਾਇਟੀਆਂ ਅਤੇ ਪੰਚਾਇਤਾਂ ਨੂੰ ਸਬਸਿਡੀ ਉੱਤੇ ਮੁਹੱਈਆ ਕਰਵਾਈਆਂ ਗਈਆਂ ਹਨ, ਉਨ੍ਹਾਂ ਦੀ ਵੱਧ ਤੋ ਵੱਧ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸਾਂਭਿਆ ਜਾਵੇ ਤਾਂ ਜੋ ਹਵਾ, ਪਾਣੀ ਅਤੇ ਧਰਤੀ ਜੋ ਕਿ ਜੀਵਨ ਦੇ ਤਿੰਨ ਜਰੂਰੀ ਸਾਧਨ ਹਨ ਉਨ੍ਹਾਂ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ।  ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਪਾਲ ਸਿੰਘ, ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਸਾਵਨਦੀਪ ਸ਼ਰਮਾ ਮੌਜੂਦ ਸਨ।

LEAVE A REPLY

Please enter your comment!
Please enter your name here