ਰਾਸ਼ਟਰੀ ਗੋਕਲ ਮਿਸ਼ਨ ਅਧੀਨ ਨੀਲੀ ਰਾਵੀ ਨਸਲ ਮੱਝ ਸੁਧਾਰ ਸਬੰਧੀ ਪਿੰਡ ਮੇਘਾ ਰਾਏ ਉਤਾੜ ਵਿਖੇ ਕੈਂਪ ਦਾ ਆਯੋਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਰਾਸ਼ਟਰੀ ਗੋਕਲ ਮਿਸ਼ਨ ਅਧੀਨ ਨੀਲੀ ਰਾਵੀ ਨਸਲ ਮੱਝ ਸੁਧਾਰ ਸਬੰਧੀ ਪਿੰਡ ਮੇਘਾ ਰਾਏ ਉਤਾੜ ਤਹਿਸੀਲ ਗੁਰੂਹਰਸਹਾਏ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ।ਡਾਇਰੈਕਟਰ ਪਸ਼ੂ ਪਾਲਣ ਪੰਜਾਬ ਡਾ. ਸੁਭਾਸ਼ ਚੰਦਰ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਿਪਟੀ ਡਇਰੈਕਟਰ ਫਿਰੋਜ਼ਪੁਰ ਡਾ. ਜਸਵੰਤ ਸਿੰਘ ਰਾਏ ਦੀ ਅਗਵਾਈ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਕੈਂਪ ਨੂੰ ਨੇਪਰੇ ਚਾੜ੍ਹਿਆ ਗਿਆ।  ਡਾ. ਰਾਏ ਵੱਲੋਂ ਕੈਂਪ ਵਿੱਚ ਆਏ ਵੱਡੀ ਗਿਣਤੀ ਵਿੱਚ ਪਸ਼ੂ ਪਾਲਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਪ੍ਰੋਡਕਸ਼ਨ ਆਫ ਹਾਈਜਨੇਟਿਕ ਨੀਲੀ ਰਾਵੀ ਬਫਲੋ ਬੁਲ ਰਾਹੀਂ ਪੈਡਿਗਰੀ ਸਿਲੈਕਸ਼ਨ ਦੁਆਰਾ ਉੱਚ ਕੁਆਲਿਟੀ ਦੇ ਨੀਲੀ ਰਾਵੀ ਨਸਲ ਦੇ ਬੱਚੇ ਪੈਦਾ ਕੀਤੇ ਜਾ ਰਹੇ ਹਨ। ਪ੍ਰੋਜੈਕਟ ਰਾਹੀਂ ਪੈਦਾ ਹੋਏ ਕੱਟੇ ਪਸ਼ੂ-ਪਾਲਣ ਮਹਿਕਮਾ ਖਰੀਦਦਾ ਹੈ, ਪਰ ਇਸ ਸ਼ਰਤ ‘ਤੇ ਕਿ ਇਹ ਕੱਟਾ ਬਿਮਾਰੀਆਂ ਤੋਂ ਰਹਿਤ ਹੋਵੇ ਜਿਵੇਂ ਕਿ ਟੀ.ਬੀ (ਤਪਦਿਕ ਰੋਗ), ਜੇ. ਡੀ, ਬਰੂਸੀਸਲੋਸਿਸ, ਆਈ.ਬੀ. ਆਰ, ਬੀ.ਵੀ.ਡੀ ਪੈਰੇੰਟੇਜ਼ ਵੈਰੀਫਿਕੇਸ਼ਨ ਟੈਸਟ ਜਾਣੀ ਕਿ ਡੀ.ਐਨ.ਏ ਵੀ ਸਹੀ ਹੈ ਤਾਂ ਹੀ ਖਰੀਦ ਕੀਤੀ ਜਾਂਦੀ ਹੈ। ਇਹ ਸਾਰੇ ਟੈਸਟ ਪ੍ਰੋਜੈਕਟ ਅਧੀਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ।

Advertisements

ਇਹ ਪ੍ਰੋਜੈਕਟ ਜ਼ਿਲ੍ਹਾ ਫਿਰੋਜ਼ਪੁਰ, ਤਰਨਤਾਰਨ, ਸ਼੍ਰੀ ਅੰਮ੍ਰਿਤਸਰ ਵਿੱਚ 50 ਪਸ਼ੂ ਸੰਸਥਾਵਾਂ ਵਿੱਚ ਚੱਲ ਰਿਹਾ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 12 ਸੰਸਥਾਵਾਂ ਵਿਚ ਪ੍ਰੋਜੈਕਟ ਸਾਲ 2014-15 ਤੋਂ ਲਗਾਤਾਰ ਚਾਲੂ ਹੈ। ਹੁਣ ਤੱਕ ਤਿੰਨ ਜ਼ਿਲ੍ਹਿਆਂ ਵਿੱਚੋਂ ਸਿਰਫ 15 ਕੱਟੇ ਖਰੀਦੇ ਗਏ ਜਿਨ੍ਹਾਂ ਵਿਚੋਂ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਨੇ 7 ਕੱਟੇ ਵਿਭਾਗ ਨੂੰ ਦਿੱਤੇ। ਇਨ੍ਹਾਂ ਖਰੀਦੇ ਗਏ ਕੱਟਿਆ ਦਾ ਜੈਨੇਟਿਕ ਡਿਸਆਰਡਰ ਟੈਸਟ, ਕੇਰੀਓਟਾਈਪਿੰਗ ਟੈਸਟ ਸਹੀ ਪਾਏ ਜਾਣ ‘ਤੇ ਹੀ ਸੀਮਨ ਪ੍ਰਾਪਤ ਕਰਨ ਵਾਸਤੇ ਵਰਤੇ ਜਾਂਦੇ ਹਨ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਨੀਲੀ ਰਾਵੀ ਨਸਲ ਦੇ ਪਸ਼ੂਆਂ ਦੀ ਗਿਣਤੀ ਵਿਚ ਵਾਧਾ ਕਰਨਾ, ਨੀਲੀ ਰਾਵੀ ਮੱਝ ਵਿਚ ਦੁੱਧ ਦੀ ਪੈਦਾਵਾਰ ਵਧਾਉਣ ਅਤੇ ਮੁੱਖ ਮੰਤਵ ਨੀਲੀ ਰਾਵੀ ਨਸਲ ਦੇ ਉੱਤਮ ਝੋਟੇ (ਬੁੱਲ) ਪੈਦਾ ਕਰਨਾ ਹੈ। ਡਾ. ਰਾਏ ਨੇ ਨੀਲੀ ਰਾਵੀ ਮੂਰਾ ਨਸਲ ਦੀ ਤੁਲਨਾ ਸਰੀਰਕ ਪੱਖੋਂ ਅਤੇ ਪੈਦਾਵਾਰ ਪੱਖੋਂ ਬੜੇ ਹੀ ਸਰਲ ਤਰੀਕੇ ਨਾਲ ਸਮਝਾਇਆ। ਡਾ. ਰਾਏ ਵੱਲੋ ਮਹਿਕਮੇ ਦੀਆਂ ਹੋਰ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ ਗਿਆ। ਡਾ. ਵਿਨੋਦ ਕੁਮਾਰ ਵੈਟਰਨਰੀ ਅਫਸਰ ਨੇ ਦੱਸਿਆ ਕਿ ਮੂੰਹ ਖੋਰ, ਬਰੂਸੀਸਲੋਸਿਸ, ਲੰਪੀ ਸਕਿਨ ਬਿਮਾਰੀ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਗਲ ਘੋਟੂ ਵੈਕਸੀਨ ਦੀ ਸਰਕਾਰੀ ਫੀਸ ਪੰਜ ਰੁਪਏ ਪ੍ਰਤੀ ਪਸ਼ੂ ਹੈ। ਉਨ੍ਹਾਂ ਪਸ਼ੂਆਂ ਨੂੰ ਇੰਨਾ ਬੀਮਾਰੀਆ ਤੋਂ ਬਚਾਅ ਵਾਸਤੇ ਟੀਕਾਕਰਨ ਜ਼ਰੂਰ ਕਰਵਾਉਣ ਬਾਰੇ ਅਪੀਲ ਕੀਤੀ। ਡਾ. ਗੋਰਵ ਕੰਬੋਜ ਨੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ।

ਪ੍ਰੇਮ ਕੁਮਾਰ ਵੈਟਰਨੀ ਇੰਸਪੈਕਟਰ ਅਤੇ ਰਾਹੁਲ ਕਟਾਰੀਆ ਸੁਪਰਵਾਈਜ਼ਰ ਨੀਲੀ ਰਾਵੀ ਪ੍ਰਾਜੈਕਟ ਵੱਲੋਂ ਕੈਂਪ ਦਾ ਸੰਚਾਲਨ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ। ਕੈਂਪ ਵਿਚ ਪਸ਼ੂ ਪਾਲਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸਰਪੰਚ ਦੇਸਾ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਦਲੀਪ ਸਿੰਘ ਮੈਂਬਰ, ਰਾਜ ਕੁਮਾਰ, ਕ੍ਰਿਸ਼ਨ ਲਾਲ ਨੇ ਮਹਿਕਮੇ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਾਉਣ ਦੀ ਬੇਨਤੀ ਕੀਤੀ। ਇਸ ਮੌਕੇ ਡਾ. ਰਾਜ ਕੁਮਾਰ, ਡਾ. ਰਜਿੰਦਰ ਸਿੰਘ, ਵੀ.ਆਈ. ਜਸਵਿੰਦਰ ਕੁਮਾਰ, ਗੁਰਚਰਨ ਸਿੰਘ ਅਤੇ ਮਹਿਕਮੇ ਦੇ ਹੋਰ ਕਰਮਚਾਰੀਆਂ ਨੇ ਭਾਗ ਲਿਆ

LEAVE A REPLY

Please enter your comment!
Please enter your name here