ਖੇਤੀਬਾੜੀ ਮਸ਼ੀਨਾਂ ਦੀਆਂ ਅਰਜ਼ੀਆਂ ਦੇਣ ਲਈ 12 ਤੱਕ ਦਾ ਵਾਧਾ: ਡਾ. ਗੁਰਦੇਵ ਸਿੰਘ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ’ਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ “ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ ਵਾਈ)” ਦੀ ਸਬ ਸਕੀਮ “ਫਸਲੀ ਵਿਭਿੰਨਤਾ ਪ੍ਰੋਗਰਾਮ ਸੀ.ਡੀ.ਪੀ” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਹੱਥ/ ਬੈਟਰੀ/ਇੰਜਣ/ਟਰੈਕਟਰ ਨਾਲ ਚੱਲਣ ਵਾਲਾ ਸਪਰੇਅਰ, ਬਹੁ-ਫਸਲੀ ਪਲਾਂਟਰ, ਚਾਰਾ ਵੱਢਣ ਵਾਲਾ ਹਾਰਵੈਸਟਰ, ਚਾਰੇ ਦੀਆਂ ਗੰਢਾਂ ਬਣਾਉਣ ਲਈ ਮਸ਼ੀਨ, ਮਿੱਲਟ ਮਿੱਲ/ਚੱਕੀ, ਤੇਲ ਮਿੱਲ ਅਤੇ ਨਿਊਮੈਟਿਕ ਪਲਾਂਟਰ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਮਿਤੀ 03-01-2023 ਤੱਕ ਕਿਸਾਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ।ਹੁਣ ਇਹਨਾਂ ਮਸ਼ੀਨਾਂ ਉੱਤੇ ਸਬਸਿਡੀ ਪ੍ਰਾਪਤ ਕਰਨ ਹਿੱਤ ਆਨਲਾਈਨ ਅਰਜ਼ੀਆਂ ਦੇਣ ਦੀ ਮਿਤੀ ਵਿੱਚ 12-01-2023 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀਗਤ ਕਿਸਾਨ, ਰਜਿਸਟਰਡ ਕਿਸਾਨ ਗਰੁੱਪ, ਸਹਿਕਾਰੀ ਸਭਾ, ਗ੍ਰਾਮ ਪੰਚਾਇਤ ਅਤੇ ਕਿਸਾਨ ਉਤਪਾਦਕ ਸੰਗਠਨ ਵਿਭਾਗ ਦੇ ਐਗਰੀ ਮਸ਼ੀਨਰੀ ਪੰਜਾਬ ਵੈਬ ਪੋਰਟਲ (https://agrimachinerypb.com/) ’ਤੇ ਲੋੜੀਂਦੇ ਦਸਤਾਵੇਜ਼ਾਂ ਜਿਵੇਂ ਕਿ ਆਧਾਰ ਕਾਰਡ, ਕਿਸਾਨ ਦੀ ਫੋਟੋ, ਬੈਂਕ ਖਾਤੇ ਦੀ ਪਾਸ ਬੁੱਕ, ਜ਼ਮੀਨ ਦੀ ਫਰਦ ਆਦਿ ਨਾਲ ਆਨਲਾਈਨ ਫਾਰਮ ਭਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਦਰ ਸਕੀਮ ਤਹਿਤ ਨਿਰਧਾਰਤ ਕੀਤੀ ਗਈ ਨੋਸ਼ਨਲ ਕੀਮਤ ਉੱਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ, ਮਹਿਲਾ ਕਿਸਾਨਾਂ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ 50 ਫੀਸਦੀ ਅਤੇ ਹੋਰ ਕਿਸਾਨਾਂ ਲਈ 40 ਫੀਸਦੀ ਹੋਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ/ਦਫ਼ਤਰ ਸਹਾਇਕ ਖੇਤੀਬਾੜੀ ਇੰਜੀਨਿਅਰ (ਸੰਦ), ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here