ਅਮਨ ਅਰੋੜਾ ਵੱਲੋਂ ਨਰੋਏ ਸਮਾਜ ਦੀ ਸਿਰਜਣਾ ਲਈ ਮੀਡੀਆ ਨੂੰ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਉਣ ‘ਤੇ ਜ਼ੋਰ

ਪਟਿਆਲਾ, (ਦ ਸਟੈਲਰ ਨਿਊਜ਼): ਪੰਜਾਬ ਦੇਸੂਚਨਾ ਤੇ ਲੋਕ ਸੰਪਰਕ ਵਿਭਾਗਦੇ ਮੰਤਰੀ ਅਮਨ ਅਰੋੜਾ ਨੇ ਅੱਜ ਜ਼ੋਰ ਦੇਕੇ ਕਿਹਾ ਹੈ ਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਮੀਡੀਆ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਵੇ। ਅਮਨ ਅਰੋੜਾ ਅੱਜ ਇੱਥੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਦੀ ਅਗਵਾਈ ਹੇਠ ਚੜ੍ਹਦੀਕਲ੍ਹਾ ਮੀਡੀਆ ਗਰੁੱਪ ਵੱਲੋਂ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਫਾਊਂਡਰ ਡਾਇਰੈਕਟਰ ਸਵਰਗੀ ਸਤਬੀਰ ਸਿੰਘ ਦਰਦੀ ਦੀ ਯਾਦ ਵਿੱਚ ਕਰਵਾਈ 10ਵੀਂ ਸਾਲਾਨਾ ਜਰਨਲਿਜ਼ਮ ਕਾਨਫਰੰਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ। ਅਮਨ ਅਰੋੜਾ, ਜਿਨ੍ਹਾਂ ਕੋਲ ਨਵੀਂ ਤੇ ਨਵਿਆਉਣਯੋਗ ਊਰਜਾ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਰੰਗਲਾ ਪੰਜਾਬ ਸਿਰਜਣ ਲਈ ਮੀਡੀਆ ਵੱਲੋਂ ਉਠਾਏ ਮੁੱਦਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮੀਡੀਆ ਦੀ ਫੀਡਬੈਕ ਦਾ ਉਨ੍ਹਾਂ ਨੇ ਹਮੇਸ਼ਾ ਹੀ ਸਵਾਗਤ ਕੀਤਾ ਹੈ।

Advertisements

ਸਵਰਗੀ ਸਤਬੀਰ ਸਿੰਘ ਦਰਦੀ ਦੀ ਪਿਛਲੇ ਸਮੇਂ ‘ਚ ਹੋਈ ਬੇਵਕਤੀ ਮੌਤ ਨੂੰ ਚੜ੍ਹਦੀਕਲਾ ਪਰਿਵਾਰ ਤੇ ਮੀਡੀਆ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਅਮਨ ਅਰੋੜਾ ਨੇ ਮੀਡੀਆ ਲਈ ਅਜਿਹੀ ਕਾਨਫਰੰਸ ਕਰਵਾਉਣ ਦੇ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਜਗਜੀਤ ਸਿੰਘ ਦਰਦੀ ਦੀ ਆਪਣੇ ਪਿਤਾ ਭਗਵਾਨ ਦਾਸ ਅਰੋੜਾ ਨਾਲ ਨਿਜੀ ਸਾਂਝ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਸਿਆਸੀ ਜਮਾਤ ਸਮੇਤ ਮੀਡੀਆ ਤੇ ਸਮਾਜ ਦੇ ਹਰ ਖਿੱਤੇ ‘ਚ ਨਿਘਾਰ ਆਇਆ ਹੈ ਪ੍ਰੰਤੂ ਅਜੇ ਵੀ ਬਹੁਤ ਸਾਰੇ ਲੋਕ ਘੁੱਪ ਹਨੇਰੇ ‘ਚ ਜੁਗਨੂੰ ਵਾਂਗ ਟਿਮ-ਟਮਾਅ ਰਹੇ ਹਨ।

ਪਿਛਲੇ ਕਰੀਬ ਇੱਕ ਦਹਾਕੇ ਤੋਂ ਪ੍ਰਚਲਤ ਹੋਏ ‘ਗੋਦੀ ਮੀਡੀਆ’ ਲਕਬ ਦਾ ਜਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਦੌਰ ‘ਚ ਮੀਡੀਆ ਨੂੰ ਵੀ ਅੰਤਰਝਾਤ ਮਾਰਨ ਦੀ ਲੋੜ ਹੈ ਤਾਂ ਕਿ ਲੋਕਤੰਤਰ ਦੇ ਚੌਥੇ ਥੰਮ ਉਪਰ ਲੋਕਾਂ ਦਾ ਬਣਿਆ ਵਿਸ਼ਵਾਸ਼ ਬਹਾਲ ਰਹਿ ਸਕੇ। ਉਨ੍ਹਾਂ ਕਿਹਾ ਕਿ ਮੀਡੀਆ ਇਕ ਪਾਸੜ ਹੋ ਕੇ ਜਾਂ ਕਿਸੇ ਇੱਕ ਏਜੰਡੇ ‘ਤੇ ਨਾ ਚੱਲੇ ਬਲਕਿ ਨਿਰਪੱਖਤਾ ਨਾਲ ਆਪਣੀ ਨਿੱਘਰ ਭੂਮਿਕਾ ਨਿਭਾਏ, ਕਿਉਂਜੋ ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਸਥਾਪਤ ਮੀਡੀਆ ਲਈ ਵੀ ਇੱਕ ਖ਼ਤਰੇ ਦੀ ਘੰਟੀ ਵੱਜ ਰਹੀ ਹੈ।

ਅਮਨ ਅਰੋੜਾ ਨੇ ਮੋਬਾਇਲ ਤੇ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਕਰਕੇ ਸਮਾਜ ਦੇ ਹਰੇਕ ਵਿਅਕਤੀ ਦੇ ਪੱਤਰਕਾਰ ਬਣਨ ਨੂੰ ਸਥਾਪਤ ਮੀਡੀਆ ਲਈ ਇੱਕ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਬਗ਼ੈਰ ਨਿਯੰਤਰਣ ਜਾਂ ਬਿਨ੍ਹਾਂ ਸੰਪਾਦਕੀ ਮੰਡਲ ਦਾ ਅਜਿਹਾ ਮੀਡੀਆ ਸਮਾਜ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤ, ਸਮਾਜ, ਸਰਕਾਰ ਤੇ ਮੀਡੀਆ ਇੱਕ ਦੂਜੇ ਦੇ ਪੂਰਕ ਹਨ, ਇਸ ਲਈ ਸਾਨੂੰ ਰਲ ਕੇ ਅਜਿਹੇ ਯਤਨੇ ਕਰਨੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਸਾਰੀਆਂ ਧਿਰਾਂ ਦਰਮਿਆਨ ਆਪਸੀ ਵਿਸ਼ਵਾਸ਼ ਬਰਕਰਾਰ ਰਹੇ। ਇਸ ਮੌਕੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਅਮਨ ਅਰੋੜਾ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਚੜ੍ਹਦੀਕਲਾ ਅਦਾਰੇ ਦੇ ਉਦੇਸ਼ ਤੇ ਸਮਾਜ ਸੇਵਾ ‘ਚ ਪਾਏ ਯੋਗਦਾਨ ਦੀ ਚਰਚਾ ਕੀਤੀ। ਅਦਾਰੇ ਦੇ ਡਾਇਰੈਕਟਰ ਜਸਵਿੰਦਰ ਕੌਰ ਦਰਦੀ, ਹਰਪ੍ਰੀਤ ਸਿੰਘ ਦਰਦੀ, ਡਾ. ਇੰਦਰਪ੍ਰੀਤ ਕੌਰ ਦਰਦੀ ਤੇ ਗੁਰਲੀਨ ਕੌਰ ਦਰਦੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪੱਤਰਕਾਰਤਾ ਦੇ ਪ੍ਰੋਫੈਸਰ ਡਾ. ਹਰਜਿੰਦਰਪਾਲ ਵਾਲੀਆ ਨੇ ਕੀਤਾ।

ਕਾਨਫਰੰਸ ਦੌਰਾਨ ਸੋਸ਼ਲ ਮੀਡੀਆ ਦੇ ਮੌਜੂਦਾ ਦੌਰ ‘ਚ ਪੱਤਰਕਾਰਤਾ ਨੂੰ ਚੁਣੌਤੀਆਂ ਵਿਸ਼ੇ ਉਪਰ ਨਿੱਠ ਕੇ ਚਰਚਾ ਕੀਤੀ ਗਈ। ਇਸ ਮੌਕੇ ਪਦਮਸ੍ਰੀ ਡਾ. ਰਤਨ ਸਿੰਘ ਜੱਗੀ, ਸ਼ਬਦ ਲੰਗਰ ਦੇ ਬਾਨੀ ਸਵਰਗੀ ਡਾ. ਸਰੂਪ ਸਿੰਘ ਅਲੱਗ ਦੇ ਪੁੱਤਰ ਸੁਖਇੰਦਰਪਾਲ ਸਿੰਘ ਅਲੱਗ, ਔਰਤਾਂ ਦੀ ਭਲਾਈ ਲਈ ਕੰਮ ਕਰਨ ਬਦਲੇ ਵੂਮੈਨ ਆਈਕੈਨ ਅਵਾਰਡ ਨਾਲ ਪੱਤਰਕਾਰ ਹਰਦੀਪ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜਦਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸਨਮਾਨ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਰਾਹੁਲ ਸੈਣੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਉਨ੍ਹਾਂ ਦੇ ਮਾਤਾ ਜੀਤ ਕੌਰ ਕੋਹਲੀ ਨੂੰ ਪ੍ਰਦਾਨ ਕੀਤਾ ਗਿਆ।

ਸਮਾਰੋਹ ਮੌਕੇ ਪੰਜਾਬ ਮੰਡੀ ਬੋਰਡ ਦੇ ਮਨੋਨੀਤ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਡਾ. ਪ੍ਰਿਤਪਾਲ ਸਿੰਘ ਪੰਨੂ ਇੰਟਰਨੈਸ਼ਨਲ ਸਿੱਖ ਫੋਰਮ, ਆਈ.ਏ.ਐਸ. ਮਲਵਿੰਦਰ ਸਿੰਘ ਜੱਗੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਮਨਪ੍ਰੀਤ ਸਿੰਘ, ਕੰਵਲਜੀਤ ਕੌਰ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗੁਰਮੁੱਖ ਸਿੰਘ ਰੁਪਾਣਾ, ਜਗਜੀਤ ਨਨਾਨਸੂ ਸਮੇਤ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਦਿੱਲੀ ਆਦਿ ਖੇਤਰਾਂ ‘ਚੋਂ ਵੱਡੀ ਗਿਣਤੀ ਮੀਡੀਆ ਦੇ ਨੁਮਾਇੰਦੇ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

LEAVE A REPLY

Please enter your comment!
Please enter your name here