ਡੀਸੀ ਦਫਤਰ ਕਾਮਿਆਂ ਦੀ ਸੂਬਾ ਪੱਧਰੀ ਚੋਣ ਵਿੱਚ ਗੁਰਨਾਮ ਵਿਰਕ ਨੂੰ ਤੀਜੀ ਵਾਰ ਸੂਬਾ ਪ੍ਰਧਾਨ ਚੁਣਿਆ ਗਿਆ

ਲੁਧਿਆਣਾ(ਦ ਸਟੈਲਰ ਨਿਊਜ਼)- ਗੌਰਵ ਮੜੀਆ। ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਚੋਣ ਬੱਚਤ ਭਵਨ ਲੁਧਿਆਣਾ ਵਿਖੇ ਹੋਈ। ਇਸ ਵਿੱਚ 21 ਜ਼ਿਲਿਆਂ ਦੇ ਜਿਲ੍ਹਾ ਪ੍ਰਧਾਨ, ਜਿਲ੍ਹਾ ਜਨਰਲ ਸਕੱਤਰ ਅਤੇ ਸਰਗਰਮ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਵਿਚੋਂ 13 ਜ਼ਿਲਿਆਂ ਨੇ ਸਰਵਸੰਮਤੀ ਨਾਲ ਚੋਣ ਕਰਾਉਣ ਅਤੇ 10 ਜ਼ਿਲਿਆਂ ਦੇ ਵੋਟਿੰਗ ਕਰਾਉਣ ਲਈ ਵਿਚਾਰ ਆਏ। ਜਦ ਕਿ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ ਅਤੇ ਸੂਬਾ ਵਿੱਤ ਸਕੱਤਰ ਦੇ ਅਹੁਦਿਆਂ ਲਈ ਚੋਣ ਕੀਤੇ ਜਾਣ ਦਾ ਅਧਿਕਾਰ ਚੋਣ ਕਮੇਟੀ ਨੂੰ ਦਿੱਤਾ ਗਿਆ ਸੀ। ਇਹਨਾਂ ਤਿੰਨਾਂ ਅਹੁਦਿਆਂ ਲਈ ਤਿੰਨ-ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਦ ਕਿ ਮੁੱਖ ਮੁਕਾਬਲਾ ਗੁਰਨਾਮ ਸਿੰਘ ਵਿਰਕ ਅਤੇ ਤੇਜਿੰਦਰ ਸਿੰਘ ਨੰਗਲ ਦੇ ਦੋ ਧੜਿਆਂ ਵਿਚਕਾਰ ਸੀ।

Advertisements

ਚੋਣ ਪ੍ਰਕਿਰਿਆ ਸ਼ੁਰੂ ਹੋਣ ਤੇ ਸਮੁੱਚੇ ਹਾਊਸ ਵੱਲੋਂ ਦੋਵਾਂ ਧੜਿਆਂ ਦੇ ਦੋ-ਦੋ ਸਾਥੀ ਲੈ ਕੇ ਸਰਵਸੰਮਤੀ ਦਾ ਫਾਰਮੂਲਾ ਤਿਆਰ ਕਰਨ ਦਾ ਅਧਿਕਾਰ ਚੋਣ ਕਮੇਟੀ ਨੂੰ ਦਿੱਤਾ ਗਿਆ। ਚੋਣ ਕਮੇਟੀ ਵੱਲੋਂ ਦੋਵਾਂ ਧੜਿਆਂ ਵਿਚਕਾਰ ਸਮਤੋਲ ਬਣਾ ਕੇ ਚੋਣ ਉਮੀਦਵਾਰਾਂ ਵਿੱਚੋਂ ਸਭ ਨੂੰ ਯੋਗ ਸਨਮਾਨ ਦਿੰਦੇ ਹੋਏ ਸਭ ਨੂੰ ਪ੍ਰਵਾਨ ਹੋਣ ਯੋਗ ਫਾਰਮੂਲਾ ਹਾਊਸ ਸਾਹਮਣੇ ਰੱਖਿਆ। ਜਿਸ ਨੂੰ ਗੁਰਨਾਮ ਸਿੰਘ ਵਿਰਕ ਦੇ ਧੜੇ ਵੱਲੋਂ ਸਹਿਮਤੀ ਦਿੰਦਿਆਂ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਦੂਜੇ ਧੜੇ ਦੇ ਦੋ ਤਿੰਨ ਸਾਥੀਆਂ ਵੱਲੋਂ ਇਸਨੂੰ ਪ੍ਰਵਾਨ ਕਰਨ ਦੀ ਬਜਾਏ ਵੋਟਿੰਗ ਕਰਾਉਣ ਦੀ ਜਿੱਦ ਕੀਤੀ ਗਈ। ਹਾਲਾਂ ਕਿ ਇਸ ਵਿਚ ਜਿਆਦਾ ਪ੍ਰਭਾਵ ਵਾਲੇ ਅਹੁਦੇ ਨੰਗਲ ਧੜੇ ਨੂੰ ਦੇਣ ਦੀ ਤਜ਼ਵੀਜ ਦਿੱਤੀ ਗਈ ਸੀ। ਇਸ ਫਾਰਮੂਲੇ ਨੂੰ ਬਹੁਮਤ ਜ਼ਿਲਿਆਂ ਵੱਲੋਂ ਵੀ ਆਪਣੀ ਸਹਿਮਤੀ ਦਿੱਤੀ ਗਈ। ਅਖੀਰ ਵਿੱਚ ਸਰਵਸੰਮਤੀ ਪ੍ਰਵਾਨ ਨਾ ਚੜਦੀ ਵੇਖ ਲੁਧਿਆਣਾ ਜ਼ਿਲ੍ਹੇ ਵਲੋਂ ਪਹਿਲ ਕਦਮੀ ਕਰਦਿਆਂ ਤਜ਼ਵੀਜ ਦਿੱਤੀ ਗਈ ਕਿ ਜਦ ਬਹੁਮਤ ਜਿਲ੍ਹੇ ਵਿਰਕ ਧੜੇ ਨਾਲ ਹਨ ਤਾਂ ਸਾਨੂੰ ਆਪਣੇ ਧੜੇ ਨੂੰ ਕਾਇਮ ਰੱਖਦਿਆਂ ਚੋਣ ਅਮਲ ਪੂਰਾ ਕਰਨਾ ਚਾਹੀਦਾ ਹੈ। ਇਸ ਚੋਣ ਨੂੰ ਮੁਕੰਮਲ ਕਰਨ ਦੇ ਅਧਿਕਾਰ ਸਹਿਮਤੀ ਨਾਲ ਸਾਬਕਾ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਬਲਬੀਰ ਸਿੰਘ ਫਰੀਦਕੋਟ ਨੂੰ ਦਿੱਤੇ ਗਏ।

ਇਸ ਚੋਣ ਅਮਲ ਵਿੱਚ ਬਹੁਮਤ ਜ਼ਿਲਿਆਂ ਦੀ ਸਹਿਮਤੀ ਮੁਤਾਬਕ ਗੁਰਨਾਮ ਸਿੰਘ ਵਿਰਕ ਫਰੀਦਕੋਟ ਨੂੰ ਤੀਜੀ ਵਾਰ ਸੂਬਾ ਪ੍ਰਧਾਨ, ਸਤਬੀਰ ਸਿੰਘ ਚੰਦੀ ਕਪੂਰਥਲਾ ਨੂੰ ਸੂਬਾ ਜਨਰਲ ਸਕੱਤਰ ਅਤੇ ਓਮਪਾਲ ਸ੍ਰੀ ਮੁਕਤਸਰ ਸਾਹਿਬ ਨੂੰ ਸੂਬਾ ਵਿੱਤ ਸਕੱਤਰ ਚੁਣਿਆ ਗਿਆ ਅਤੇ ਬਾਕੀ ਬਾਡੀ ਚੁਣਨ ਅਤੇ ਸਬ ਦੀ ਰਾਇ ਲੈਕੇ ਮੰਗ ਪੱਤਰ ਤਿਆਰ ਕਰਕੇ ਸਰਕਾਰ ਨੂੰ ਦੇਣ ਦੇ ਅਧਿਕਾਰ ਦਿੱਤੇ ਗਏ। ਇਸ ਮੌਕੇ ਗੁਰਨਾਮ ਸਿੰਘ ਵਿਰਕ ਨੇ ਸੰਬੋਧਨ ਕਰਦਿਆਂ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਉਸ ਦੀ ਟੀਮ ਵਿਚ ਵਿਸਵਾਸ਼ ਜਿਤਾਉਣ ਤੇ ਭਰੋਸਾ ਦਿੱਤਾ ਕਿ ਅਸੀਂ ਸਭ ਸਾਥੀਆਂ ਨੂੰ ਨਾਲ ਲੈਕੇ ਚਲਣ ਦੀ ਕੋਸ਼ਿਸ਼ ਕਰਾਂਗੇ। ਜਲਦ ਹੀ ਸਰਕਾਰ ਨੂੰ ਮੰਗ ਪੱਤਰ ਦੇ ਕੇ ਸਰਕਾਰ ਪਾਸੋਂ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।*

LEAVE A REPLY

Please enter your comment!
Please enter your name here