ਖੇਤੀਬਾੜੀ ਇੰਨਪੁਟ ਡੀਲਰ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਤੋਂ ਕਰਨ ਗੁਰੇਜ਼: ਡੀ.ਸੀ.

ਹੁਸ਼ਿਆਰਪੁਰ( ਦ ਸਟੈਲਰ ਨਿਊਜ਼) । ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਕੈਂਪਾਂ ਰਾਹੀਂ ਕਿਸਾਨਾਂ ਨੂੰ ਇੰਨਪੁਟਸ ਖਰੀਦਣ ਸਮੇਂ ਬਿੱਲ ਲਾਜ਼ਮੀ ਲੈਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵਿਭਾਗ ਵਲੋਂ ਖਾਦ, ਬੀਜ ਅਤੇ ਕੀੜੇਮਾਰ ਜ਼ਹਿਰ ਵਿਕਰੇਤਾਵਾਂ ਦੀ ਕੁਆਲਟੀ ਕੰਟਰੋਲ ਅਧੀਨ ਚੈਕਿੰਗ ਕੀਤੀ ਜਾਂਦੀ ਹੈ ਅਤੇ ਸੈਂਪਲ ਵੀ ਭਰੇ ਜਾਂਦੇ ਹਨ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵਲੋਂ ਜ਼ਿਲ੍ਹੇ ਦੇ ਸਮੂਹ ਇੰਨਪੁਟਸ ਡੀਲਰਾਂ ਨੂੰ ਕੋਈ ਵੀ ਖਾਦ, ਬੀਜ ਜਾਂ ਕੀੜੇਮਾਰ ਜ਼ਹਿਰ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਮਿਆਰੀ ਖਾਦ, ਬੀਜ, ਕੀੜੇਮਾਰ ਜ਼ਹਿਰ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਇਸ ਲਈ ਖੇਤੀਬਾੜੀ ਵਿਭਾਗ ਨੂੰ ਵੀ ਸਖਤੀ ਨਾਲ ਇਸ ਗੱਲ ਨੂੰ ਲਾਗੂ ਕਰਨ ਲਈ ਕਿਹਾ ਹੈ।

Advertisements

ਇਸੇ ਲੜੀ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਤੀ ਸਬੰਧੀ ਕੋਈ ਵੀ ਇੰਨਪੁਟ ਖਰੀਦਣ ਸਮੇਂ ਡੀਲਰ ਪਾਸੋਂ ਇਸ ਦਾ ਬਿੱਲ ਲੈਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਬਿੱਲ ਦੇਣਾ ਜਿੱਥੇ ਡੀਲਰ ਲਈ ਲਾਜ਼ਮੀ ਹੈ ਉਸ ਦੇ ਨਾਲ ਹੀ ਇਹ ਸਾਡੀ ਜ਼ਿੰਮੇਵਾਰੀ ਵੀ ਹੈ।ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਨੇ ਹਦਾਇਤ ਕੀਤੀ ਹੈ ਕਿ ਸਮੂਹ ਖੇਤੀ ਇੰਨਪੁਟ ਡੀਲਰਾਂ ਵਲੋਂ ਦੁਕਾਨ ਤੇ ਸਟਾਕ ਬੋਰਡ ਲਗਾਇਆ ਜਾਵੇ ਅਤੇ ਇਸ ਬੋਰਡ ਨੂੰ ਰੋਜ਼ਾਨਾ ਭਰਿਆ ਵੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਖੇਤੀਬਾੜੀ ਇੰਨਪੁਟ ਡੀਲਰ ਵਲੋਂ ਕਿਸੇ ਤਰ੍ਹਾਂ ਦੀ ਟੈਗਿੰਗ ਕੀਤੇ ਜਾਣ ਸਬੰਧੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here