ਫਾਜਿ਼ਲਕਾ ਜਿ਼ਲ੍ਹੇ ਵਿਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ: ਡਾ. ਸੇਨੂ ਦੁੱਗਲ

ਫਾਜਿਲਕਾ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਣਕ ਦੀ ਸੁਚੱਜੀ ਅਤੇ ਨਿਰਵਿਘਨ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਾਂਲਾਕਿ ਇਸ ਵਾਰ ਮੌਸਮ ਵਿਚ ਤਬਦੀਲੀ ਕਾਰਨ ਜਿ਼ਲ੍ਹੇ ਵਿਚ ਮੰਡੀਆਂ ਵਿਚ ਕਣਕ ਦੀ ਆਮਦ ਨੂੰ ਹਾਲੇ 7 ਤੋਂ 10 ਦਿਨ ਤੱਕ ਲੱਗ ਸਕਦੇ ਹਨ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੱੁਗਲ ਆਈਏਐਸ ਨੇ ਵੱਖ ਵੱਖ ਖਰੀਦ ਏਂਜਸੀਆਂ ਦਾ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਕੇ ਇੱਥੇ ਕੀਤੇ ਪ੍ਰਬ਼ੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਮੰਡੀ ਵਿਚ ਕਿਸਾਨਾਂ ਲਈ ਪੀਣ ਦੇ ਪਾਣੀ, ਰੌਸ਼ਨੀ, ਛਾਂ ਆਦਿ ਦੇ ਪ੍ਰਬੰਧਾਂ ਨੂੰ ਪੁਖਤਾ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਦੀ ਫਸਲ ਦੀ ਤੁਰੰਤ ਖਰੀਦ ਹੋਵੇ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਰਕਾਰੀ ਸਮਾਂਹੱਦ ਦੇ ਅੰਦਰ ਅਦਾਇਗੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਫਾਜਿ਼ਲਕਾ ਜਿ਼ਲ੍ਹੇ ਵਿਚ 95 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਸਾਲ ਕਿਸਾਨਾਂ ਨੂੰ 2125 ਰੁਪਏ ਦੀ ਘੱਟੋ ਘੱਟ ਸਮਰੱਥਨ ਮੁੱਲ ਮਿਲੇਗਾ। ਪਿੱਛਲੇ ਸਾਲ ਜਿ਼ਲ੍ਹੇ ਵਿਚ 5.97 ਲੱਖ ਟਨ ਕਣਕ ਦੀ ਖਰੀਦ ਹੋਈ ਸੀ ਜਦ ਕਿ ਇਸ ਵਾਰ 7.94 ਲੱਖ ਟਨ ਕਣਕ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ। ਡਾ: ਸੇਨੂ ਦੱੁਗਲ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪਨਗ੍ਰੇਨ, ਮਾਰਕਫੈਡ, ਪਨਸਪ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਸਰਕਾਰੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿਚ ਥੈਲਿਆਂ ਦੀਆਂ 31792 ਗੱਠਾਂ ਪਹੁੰਚ ਗਈਆਂ ਹਨ ਜ਼ੋ ਕਿ ਕੁੱਲ ਜਰੂਰਤ ਦਾ 98 ਫੀਸਦੀ ਬਣਦਾ ਹੈ। ਟਰਾਂਸਪੋਰਟ ਦੇ ਸਾਰੇ ਟੈਂਡਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਡੀ ਵਿਚ ਖਰੀਦ ਸਬੰਧੀ ਸਾਰੇ ਇੰਤਜਾਮ ਕਰ ਲਏ ਗਏ ਹਨ।ਉਨ੍ਹਾਂ ਨੇ ਮੰਡੀ ਵਿਚੋਂ ਬੇਸਹਾਰਾ ਜਾਨਵਰਾਂ ਨੂੰ ਬਾਹਰ ਕਰਕੇ ਗਊਸਾ਼ਲਾ ਭੇਜਣ ਦੇ ਹੁਕਮ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਫਸਲ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਾਫ ਅਤੇ ਸੁੱਕੀ ਫਸਲ ਮੰਡੀ ਵਿਚ ਲੈ ਕੇ ਆਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ ਅਤੇ ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ ਵੀ ਹਾਜਰ ਸਨ।

Advertisements

LEAVE A REPLY

Please enter your comment!
Please enter your name here