ਫਸਲਾਂ ਦੇ ਹੋਏ ਖ਼ਰਾਬੇ ਦਾ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਡੇਰਾ ਬਾਬਾ ਨਾਨਕ/ਗੁਰਦਾਸਪੁਰ, (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਖ਼ਰਾਬੇ ਸਬੰਧੀ ਜਾਇਜ਼ਾ ਲੈਣ ਲਈ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ, ਅਗਵਾਨ, ਮਨਸੂਰ ਅਤੇ ਘਣੀਏ-ਕੇ-ਬੇਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ਼ਾਇਰੀ ਭੰਡਾਰੀ, ਤਹਿਸੀਲਦਾਰ ਡੇਰਾ ਬਾਬਾ ਨਾਨਕ ਜਗਤਾਰ ਸਿੰਘ, ਉੱਘੇ ਜਨਤਕ ਆਗੂ ਗੁਰਦੀਪ ਸਿੰਘ ਰੰਧਾਵਾ, ਮੁੱਖ ਖੇਤੀਬਾੜੀ ਅਫ਼ਸਰ ਕ੍ਰਿਪਾਲ ਸਿੰਘ ਢਿਲੋਂ, ਬੀ.ਡੀ.ਪੀ.ਓ. ਡੇਰਾ ਬਾਬਾ ਨਾਨਕ ਕਿਰਨਦੀਪ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Advertisements

ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਖਰਾਬ ਹੋਈਆਂ ਫਸਲਾਂ ਦਾ ਜਾਇਜਾ ਲੈਣ ਤੋਂ ਬਾਅਦ ਕਿਸਾਨਾਂ ਨਾਲ ਗੱਲ ਕਰਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਸੰਕਟ ਦੀ ਘੜ੍ਹੀ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜਲਦ ਤੋਂ ਜਲਦ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਮੁਕੰਮਲ ਕੀਤੀ ਜਾਵੇ ਤਾਂ ਜੋ ਵਿਸਾਖੀ ਮੌਕੇ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣਾ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ ਦੀ ਮੁਆਵਜਾ ਰਾਸ਼ੀ ਵਿੱਚ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਕਣਕ ਤੋਂ ਇਲਾਵਾਂ ਹੋਰ ਵੀ ਜਿਹੜੀਆਂ ਫਸਲਾਂ ਬਾਰਸ਼ ਕਾਰਨ ਖਰਾਬ ਹੋਈਆਂ ਹਨ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸੂਬੇ ਭਰ ਵਿੱਚ ਗਿਰਦਾਵਰੀ ਦਾ ਕੰਮ ਪੂਰੇ ਜ਼ੋਰਾਂ `ਤੇ ਚੱਲ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਹਰ ਕਿਸਾਨ ਦੇ ਖੇਤ ਵਿੱਚ ਜਾ ਕੇ ਫਸਲ ਦੇ ਨੁਕਾਸਨ ਦੀ ਅਸਲ ਰੀਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਵੱਟਸਐਪ ਨੰਬਰ 93093-88088 ਜਾਰੀ ਕੀਤਾ ਹੈ ਅਤੇ ਜੇਕਰ ਕਿਸੇ ਕਿਸਾਨ ਨੂੰ ਗਿਰਦਾਵਰੀ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਇਸ ਨੰਬਰ ਉੱਪਰ ਆਪਣੀ ਸ਼ਿਕਾਇਤ ਭੇਜ ਸਕਦੇ ਹਨ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਿਰਦਾਵਰੀ ਦੇ ਕੰਮ ਨੂੰ ਸਮਾਂਬੱਧ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਸਾਨਾਂ ਦੀਆਂ ਮੁਕਸ਼ਲਾਂ ਵੀ ਸੁਣੀਆਂ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ 70 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਅਤੇ ਰਹਿੰਦੀ ਗਿਰਦਾਵਰੀ ਨੂੰ ਵੀ ਜਲਦ ਪੂਰਿਆਂ ਕਰਕੇ ਰੀਪੋਰਟ ਰਾਜ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here