12 ਤੋਂ 15 ਘੰਟੇ ਦੇ ਲੱਗ ਰਹੇ ਬਿਜਲੀ ਦੇ ਕੱਟ,ਗਰਮੀ ਵਿਚ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਲੋਕ

ਮੇਹਟਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਇੰਦਰਜੀਤ ਹੀਰਾ। ਪੀਐਸਪੀਸੀਐਲ ਮਰਨਾਈਆਂ ਖੁਰਦ ਵਲੋਂ ਲਗਾਏ ਜਾ ਰਹੇ ਬਿਜਲੀ ਦੇ ਕੱਟਾਂ ਕਾਰਣ ਖਪਤਕਾਰ ਕਾਫੀ ਦੁਖੀ ਹਨ। ਇਸੇ ਸਬੰਧੀ ਪਿੰਡ ਤਨੂੰਲੀ, ਅਹਿਰਾਣਾਂ ਕਲਾਂ,ਡਵਿਡਾ ਅਹਿਰਾਣਾ ਅਤੇ ਹੋਰ ਪਿੰਡਾਂ ਦੇ ਲੋਕਾਂ ਅਤੇ ਖਪਤਕਾਰਾਂ ਨੇ ਦੱਸਿਆ ਕੀ ਦਿਨ ਰਾਤ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਣ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਕੜਾਕੇ ਦੀ ਪੈ ਰਹੀ ਗਰਮੀ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਹਾਲਤ ਨਾਜ਼ੁਕ ਬਣਦੀ ਜਾ ਰਹੀ ਹੈ।

Advertisements

ਖਪਤਕਾਰਾਂ ਨੇ ਦੱਸਿਆ ਕਿ 12 ਤੋਂ 15 ਘੰਟੇ ਦੇ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਣ ਗਰਮੀ ਵਿੱਚ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਹੋਰ ਤਾਂ ਹੋਰ ਸਵੇਰੇ ਸ਼ਾਮ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੁੰਦਾ ਅਤੇ ਕਈ ਵਾਰ ਤਾਂ ਸਾਰੀ-ਸਾਰੀ ਰਾਤ ਕੱਟ ਲੱਗਦੇ ਹਨ ਅਤੇ ਸਵੇਰ ਨੂੰ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਪਾਣੀ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੱਚੇ ਸਾਰੀ ਸਾਰੀ ਰਾਤ ਨਾ ਸੌਣ ਕਾਰਨ ਸਵੇਰ ਨੂੰ ਸਕੂਲ ਜਾਣਾ ਵੀ ਮੁਨਾਸਿਬ ਨਹੀਂ ਸਮਝਦੇ। ਇਸੇ ਸੰਬੰਧਿਤ ਜਦੋਂ ਬਿਜਲੀ ਘਰ ਮਰਨਾਈਆਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਹਮੇਸ਼ਾ ਹੀ ਬਿਜਲੀ ਦੀ ਤਕਨੀਕੀ ਖਰਾਬੀ ਦਾ ਨੁਕਸ ਦੱਸ ਕੇ ਪੱਲਾ ਝਾੜ ਦਿੰਦੇ ਹਨ। ਖਪਤਕਾਰਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਸੰਚਾਰੂ ਢੰਗ ਨਾਲ ਚਲਾਉਣ ਲਈ ਸਮੇਂ ਸਮੇਂ ਤੇ ਲਾਈਨਾਂ ਵਿੱਚ ਨੁਕਸ ਪੈਣ ਤੋਂ ਪਹਿਲਾਂ ਹੀ ਬਿਜਲੀ ਦੀ ਖਰਾਬੀ ਨੂੰ ਠੀਕ ਕੀਤਾ ਜਾਵੇ ਤਾਂ ਜੋ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here