ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਇਬਰਾਹਿਮਪੁਰ ਵਿਖੇ ਪਰਾਲੀ ਸੰਭਾਲਣ ਸਬੰਧੀ ਪਿੰਡ ਪੱਧਰੀ ਜਾਗਰੁਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਖੇਤੀਬਾੜ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮੁਹਿੰਮ ਰੂਪ ਵਿਚ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਅਤੇ ਉਪਲਬੱਧ ਮਸ਼ੀਨਰੀ ਤੇ ਤਕਨੀਕਾਂ ਰਾਹੀਂ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਇਸੇ ਲੜੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਅੱਜ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਅਪਣਾਏ ਪਿੰਡ ਇਬਰਾਹਿਮਪੁਰ, ਬਲਾਕ ਟਾਂਡਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਟਾਂਡਾ ਦੇ ਸਹਿਯੋਗ ਨਾਲ ਪਿੰਡ ਪੱਧਰੀ ਜਾਗਰੁਕਤਾ ਕੈਂਪ ਲਗਾਇਆ ਗਿਆ। ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਡਾ.ਮਨਿੰਦਰ ਸਿੰਘ ਬੌਂਸ ਨੇ ਪਹੁੰਚੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਕਿਰਸਾਨੀ ਪ੍ਰਤੀ ਸੇਵਾਵਾਂ ਬਾਰੇ ਚਾਨਣਾ ਪਾਇਆ।

Advertisements

ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਲਈ ਮੁਹਿੰਮ ਦੇ ਰੂਪ ਵਿੱਚ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਦੇ ਖੇਤਾਂ ਵਿਚ ਪਰਾਲੀ ਪ੍ਰਬੰਧਨ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਡਾ. ਬੌਂਸ ਨੇ ਇਸ ਮੌਕੇ ਹਾੜ੍ਹੀ ਦੀਆਂ ਮੁੱਖ ਫਸਲਾਂ ਦੀ ਕਾਸ਼ਤ ਬਾਰੇ ਵੀ ਚਾਨਣਾ ਪਾਇਆ। ਸਹਾਇਕ ਪ੍ਰਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਅਜੈਬ ਸਿੰਘ ਨੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਰਾਹੀਂ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਗੱਲ ’ਤੇ ਜੋਰ ਦਿੱਤਾ ਕਿ ਮਸ਼ੀਨਰੀ ਦੀ ਸੁਚੱਜੀ ਵਰਤੋਂ ਰਾਹੀਂ ਪਰਾਲੀ ਨੂੰ ਸੰਭਾਲਿਆ ਜਾਵੇ। ਉਨ੍ਹਾਂ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਪਰਾਲੀ ਵਿਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਪਰਾਲੀ ਦੀ ਬਾਇਓ ਗੈਸ ਪਲਾਂਟ, ਊੂਰਜਾ, ਖੁੰਬ ਉਤਪਾਦਨ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਖੇਤੀਬਾੜੀ ਵਿਕਾਸ ਅਫਸਰ ਹਰਪ੍ਰੀਤ ਸਿੰਘ ਅਤੇ ਲਵਜੀਤ ਸਿੰਘ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਸਾਨ ਭਲਾਈ ਸਬੰਧੀ ਵਿਭਾਗੀ ਸਕੀਮਾਂ ਅਤੇ ਕਣਕ ਦੀ ਬੀਜ ਸਬਸਿਡੀ ਨੀਤੀ ਬਾਰੇ ਜਾਣਕਾਰੀ ਦਿੱਤੀ।

ਹਾਜ਼ਰ ਕਿਸਾਨਾਂ ਦੀ ਸਹੂਲਤ ਲਈ ਸਰਦੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ, ਚਾਰੇ ਦੀਆਂ ਕਿੱਟਾਂ, ਗੋਭੀ ਸਰੋ੍ਹਂ ਪਿਆਜ਼, ਬਰਸੀਮ ਦੇ ਬੀਜ, ਕਣਕ ਲਈ ਜੀਵਾਣੂ ਖਾਦ ਦਾ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ ਅਤੇ ਖੇਤੀ ਸਾਹਿਤ ਵੀ ਉਪਲਬਧ ਕਰਵਾਇਆ ਗਿਆ। ਅੰਤ ਵਿਚ ਸਰਪੰਚ ਅਮਰੀਕ ਸਿੰਘ ਵੱਲੋਂ ਆਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਪਰਾਲੀ ਪ੍ਰਬੰਧਨ ਦੇ ਸੁਨੇਹੇ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਇਸ ਕੈਂਪ ਵਿਚ ਪਿੰਡ ਇਬਰਾਹਿਮਪੁਰ ਦੇ ਸਰਪੰਚ ਅਮਰੀਕ ਸਿੰਘ, ਸੁਰਜੀਤ ਸਿੰਘ, ਕਪੂਰ ਸਿੰਘ, ਇੰਸਪੈਕਟਰ ਨਿਸ਼ਾਨ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਪਿੰਡ ਫਿਰੋਜ ਰੋਲੀਆਂ ਤੋਂ ਲੰਬੜਦਾਰ ਜਸਬੀਰ ਸਿੰਘ ਅਤੇ ਰਵਿੰਦਰ ਸਿੰਘ, ਰਾਣੀ ਪਿਂਡ ਤੋਂ ਗੁਰਨੇਕ ਸਿੰਘ ਬਸਰਾ ਤੇ ਗੁਰਮੰਤਰ ਸਿੰਘ ਬਸਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here