ਜ਼ਿਲ੍ਹਾ ਗੁਰਦਾਸਪੁਰ ਦੀ ਧੀ ਅਤੇ ਨੂੰਹ ਬਣੀਆਂ ਜੱਜ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੀ ਧੀ ਮਨਮੋਹਨਪ੍ਰੀਤ ਕੌਰ ਅਤੇ ਦੀਨਾਨਗਰ ਦੀ ਨੂੰਹ ਦਿਵਿਆਣੀ ਲੂਥਰਾ ਦੀ ਚੋਣ ਜੱਜ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਹੋਣਹਾਰ ਧੀਆਂ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ।

Advertisements

ਨਵੀਆਂ ਚੁਣੀਆਂ ਗਈਆਂ ਜੱਜ ਮਨਮੋਹਨਪ੍ਰੀਤ ਕੌਰ, ਦਿਵਿਆਣੀ ਲੂਥਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਦਫ਼ਤਰ ਵਿਖੇ ਮੁਲਾਕਾਤ ਕਰਨ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਮਨਮੋਹਨਪ੍ਰੀਤ ਕੌਰ ਅਤੇ ਦਿਵਿਆਣੀ ਲੂਥਰਾ ਨੇ ਆਪਣੀ ਕਾਬਲੀਅਤ ਨਾਲ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ, ਸਗੋਂ ਉਹ ਸਭ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀਆਂ ਇਨ੍ਹਾਂ ਦੋ ਧੀਆਂ ਦੀ ਇਹ ਪ੍ਰਾਪਤੀ ਹੋਰ ਲੜਕੀਆਂ ਨੂੰ ਵੀ ਅੱਗੇ ਵੱਧਣ ਦੀ ਪ੍ਰੇਰਨਾ ਦੇਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਨੂੰ ਆਪਣੀਆਂ ਇਨ੍ਹਾਂ ਧੀਆਂ ਉੱਪਰ ਮਾਣ ਹੈ ਜੋ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਜੱਜ ਵਰਗੇ ਵਕਾਰੀ ਅਹੁਦੇ ਉੱਪਰ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਮਾਣਮੱਤੀ ਧੀਆਂ ਦੇ ਸਨਮਾਨ ਵਿੱਚ ਇੱਕ ‘ਵਾਲ ਆਫ ਫੇਮ’ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਉੱਪਰ ਅਜਿਹੀਆਂ ਧੀਆਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਨੂੰ ਬਿਆਨ ਕੀਤਾ ਜਾਵੇਗਾ ਤਾਂ ਜੋ ਹੋਰ ਲੋਕ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ। ਡਿਪਟੀ ਕਮਿਸ਼ਨਰ ਨੇ ਮਨਮੋਹਨਪ੍ਰੀਤ ਕੌਰ ਅਤੇ ਦਿਵਿਆਣੀ ਲੂਥਰਾ ਦੇ ਰੌਸ਼ਨ ਭਵਿੱਖ ਅਤੇ ਤਰੱਕੀ ਦੀ ਕਾਮਨਾ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਦਿਵਿਆਣੀ ਲੂਥਰਾ ਦੇ ਪਤੀ ਐਡਵੋਕੇਟ ਗੌਰਵ ਸੈਣੀ, ਸਹੁਰਾ ਸਾਬਕਾ ਸਰਪੰਚ ਰਘੁਬੀਰ ਸੈਣੀ, ਸੱਸ ਸੁਰੀਲਾ ਸੈਣੀ ਅਤੇ ਮਨਮੋਹਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਦਾਦਾ ਅਜੀਤ ਸਿੰਘ ਮੱਲੀ, ਪਿਤਾ ਸਤਨਾਮ ਸਿੰਘ ਮੱਲੀ, ਮਾਤਾ ਗੁਰਵਿੰਦਰ ਕੌਰ, ਮਾਮਾ ਲਖਵਿੰਦਰ ਸਿੰਘ ਗੁਰਾਇਆ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here