ਅਮਰਗੜ੍ਹ ਸਬ ਡਵੀਜ਼ਨ ਦੇ ਪਿੰਡ ਅਲੀਪੁਰ ਵਿਖੇ ਜਨ ਸੁਣਵਾਈ ਕੈਂਪ ਦਾ ਆਯੋਜਨ

ਅਮਰਗੜ੍ਹ/ਮਾਲੇਰਕੋਟਲਾ (ਦ ਸਟੈਲਰ ਨਿਊਜ਼),ਰਿਪੋਰਟ-ਜਗਤਾਰ ਸਿੰਘ। ‘ਪੰਜਾਬ ਸਰਕਾਰ ਤੁਹਾਡੇ ਦੁਆਰ ‘ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਉਨ੍ਹਾਂ ਦੇ ਦਰ ਉੱਪਰ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ । ਜਿਸ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਲਗਾਤਾਰ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕਰਕੇ ਲੋਕਾਂ ਦੀਆਂ ਯੋਗ ਸਮੱਸਿਆਵਾਂ ਦਾ ਉਨ੍ਹਾਂ ਦੀਆਂ ਬਰੂੰਹਾਂ ਤੇ ਜਾ ਕੇ ਹੱਲ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਸੇ ਲੜੀ ਤਹਿਤ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਅਲੀਪੁਰ ਵਿਖੇ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਨ ਸੁਣਵਾਈ ਕੈਂਪ ਦਾ ਆਯੋਜਨ ਕਰਕੇ ਪਿੰਡ ਨਿਵਾਸੀਆਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੀ ਯੋਗ ਸਮੱਸਿਆਵਾਂ ਦੇ ਹੱਲ ਕਰਨ ਦੇ ਉਪਰਾਲੇ ਕੀਤੇ । ਉਨ੍ਹਾਂ ਇਸ ਮੌਕੇ ਸਮੁੱਚੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁੜ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਸਾਰੇ ਬਜ਼ੁਰਗਾਂ ਅਤੇ ਪਿੰਡ ਦੇ ਵਸਨੀਕਾਂ ਦੇ ਜਾਇਜ਼ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ । ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ, ਉੱਥੇ ਕਈ ਹੋਰ ਸਮੱਸਿਆਵਾਂ ਦੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

Advertisements
ਡਿਪਟੀ ਕਮਿਸ਼ਨਰ ਨੇ ਪਿੰਡ ਨਿਵਾਸੀਆਂ ਨੂੰ ਕਿਹਾ ਕਿ ਜਨ ਸੁਣਵਾਈ ਕੈਂਪਾਂ ਦੌਰਾਨ ਪੁੱਜੀਆਂ ਸਮੱਸਿਆਵਾਂ ਦਾ ਉਹ ਖ਼ੁਦ ਆਪਣੀ ਨਿਗਰਾਨੀ ਵਿੱਚ ਹੱਲ ਕਰਵਾਉਣ ਨੂੰ ਯਕੀਨੀ ਬਣਾਉਣਗੇ ਤਾਂ ਜੋ ਆਮ ਲੋਕ ਦੀਆਂ ਸਮੱਸਿਆਵਾਂ ਸਮੇਂ ਸਿਰ ਹੱਲ ਹੋ ਸਕਣ । ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਜ਼ਿਲ੍ਹੇ ਨੂੰ ਅੱਗ ਮੁਕਤ ਕਰਨ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾ ਕੇ ਜ਼ਿਲ੍ਹੇ ਨੂੰ ਪੰਜਾਬ ਦਾ ਪਹਿਲਾ ਅੱਗ ਮੁਕਤ ਜ਼ਿਲ੍ਹਾ ਬਣਾਉਣ ਦੇ ਯੋਗ ਰਣਨੀਤੀ ਉਲੀਕੀ ਗਈ ਹੈ ਹੁਣ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ । ਈ.ਟੀ.ਆਰ. ਅਨੁਸਾਰ ਜ਼ਿਲ੍ਹੇ ਵਿੱਚ ਅੱਗਾਂ ਲੱਗਣ ਦੀਆਂ ਘਟਨਾਵਾਂ ਅਜੇ ਤੱਕ ਕੋਈ ਵੀ ਦਰਜ ਨਹੀਂ ਹੋਈਆਂ । ਇਹ ਸਭ ਆਮ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ । ਉਨ੍ਹਾਂ  ਖੇਤ ਵਿੱਚ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਗੁਰ ਸਾਹਿਬਾਨ ਦੇ ਹਵਾ ਨੂੰ ਗੁਰੂ,ਪਾਣੀ ਨੂੰ ਪਿਤਾ ਅਤੇ ਮਿੱਟੀ ਨੂੰ ਮਾਤਾ ਮੰਨਣ ਦੇ ਪਾਵਨ ਸੰਦੇਸ਼ ਦਾ ਹਵਾਲਾ ਦਿੰਦਿਆਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਗੁਰੂ ਸਾਹਿਬ ਦੇ ਸੰਦੇਸ਼ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ । ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਪਿੰਡਾਂ ਦੀਆਂ ਔਰਤਾਂ ਨੇ ਡਿਪਟੀ ਕਮਿਸ਼ਨਰ ਨੂੰ ਅੱਗ ਨਾ ਲਗਾ ਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਹੋਰ ਲੋਕਾਂ ਇਸ ਲਈ ਪ੍ਰੇਰਿਤ ਕਰਨਗੇ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਮਸ਼ੀਨਾਂ ਦੀ ਉਪਲਬਧਤਾ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਸਬਸਿਡੀ ਤੇ ਮਿਲ ਰਹੀ ਮਸ਼ੀਨਾਂ ਦੇ ਲਾਭ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਦੇ ਉਪਰਾਲੇ ਕੀਤੇ ਜਾਣ।

ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਪਿੰਡ ਦੀ ਸਰਪੰਚ ਅਮਰਦੀਪ ਕੌਰ ਰਹਿਲ ਸਮੇਤ ਪੰਚਾਇਤ ਮੈਂਬਰਾਂ ਨੇ ਮੰਗ ਪੱਤਰ ਦਿੱਤਾ ਅਤੇ ਆਪਣੀਆਂ ਲੋੜਾਂ/ਮੁਸ਼ਕਲਾਂ ਤੋਂ ਅਵਸਤ ਕਰਵਾਉਂਦੀਆਂ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਮੰਗ ਕੀਤੀ । ਉਨ੍ਹਾਂ ਇਸ ਸਬੰਧੀ ਭਰੋਸਾ ਦਿੱਤਾ ਕਿ ਜਲਦ ਹੀ ਲੋੜੀਂਦੀਆਂ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਆਮ ਆਦਮੀ ਕਲੀਨਿਕ ਕਾਰਜਸ਼ੀਲ ਕਰਵਾ ਦਿੱਤਾ ਜਾਵੇਗਾ । ਇਸ ਮੌਕੇ ਆਮ ਲੋਕਾਂ ਨੇ ਨਿੱਜੀ ਸਮੱਸਿਆਵਾਂ ਜਿਵੇਂ ਕਿ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸਬੰਧੀ ਆਪਣੀਆਂ ਸਮੱਸਿਆਵਾਂ ਤੋਂ ਅਵਗਤ ਕਰਵਾਇਆ ।

ਇਸ ਮੌਕੇ ਡੀ.ਐਸ.ਪੀ ਅਮਰਗੜ੍ਹ ਜਤਿਨ ਬਾਂਸਲ ਨੇ ਇਲਾਕਾ ਨਿਵਾਸੀਆਂ ਨੂੰ ਸਮਾਜ ਵਿੱਚ ਪਨਪ ਰਹੀ ਨਸ਼ੇ ਦੀ ਅਲਾਮਤ ਤੋਂ ਸੁਚੇਤ ਰਹਿ ਕੇ ਦੂਰ ਰਹਿਣ ਦੀ ਅਪੀਲ ਕੀਤੀ । ਇਸ ਮੌਕੇ ਡੀ.ਡੀ.ਪੀ.ਓ ਪਰਮਜੀਤ ਸਿੰਘ,ਬੀ.ਡੀ.ਪੀ.ਓ ਅਮਰਗੜ੍ਹ ਸ੍ਰੀਮਤੀ ਰੁਪਿੰਦਰ ਜੀਤ ਕੌਰ ਤਹਿਸੀਲਦਾਰ ਅਕ੍ਰਿਤਾ ਅਗਰਵਾਲ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ ।

ਇਸ ਮੌਕੇ  ਡਿਪਟੀ ਕਮਿਸ਼ਨਰ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਨੇ ਡੀ.ਡੀ.ਪੀ.ਓ ਪਰਮਜੀਤ ਸਿੰਘ ਨੂੰ ਉਨ੍ਹਾਂ ਦੀਆਂ ਸੇਵਾ ਮੁਕਤੀ ਤੇ ਵਿਸ਼ੇਸ ਸਨਮਾਨਿਤ ਵੀ ਕੀਤਾ ਗਿਆ

LEAVE A REPLY

Please enter your comment!
Please enter your name here