
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਨਵੰਬਰ ਦਿਨ ਐਤਵਾਰ ਨੂੰ ਸਟੇਟ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਕੱਢੀ ਜਾ ਰਹੀ 23ਵੀਂ ਮਹਾਨ ਪੈਦਲ ਯਾਤਰਾ ਵਿੱਚ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹੁਲੜਬਾਜੀ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦੋਆਬਾ ਜੋਨ ਦੇ ਸਕੱਤਰ ਪਰਵਿੰਦਰ ਸਿੰਘ ਢੋਟ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਰੱਖਣ ਵਾਲੇ ਹਜਾਰਾਂ ਲੋਕ ਇਸ ਪੈਦਲ ਯਾਤਰਾ ਵਿੱਚ ਸ਼ਾਮਿਲ ਹੁੰਦੇ ਹਨ। ਪਰ ਕੁੱਝ ਸ਼ਰਾਰਤੀ ਨੌਜਵਾਨਾਂ ਅਤੇ ਹੁਲੜਬਾਜਾ ਕਾਰਨ ਸੰਗਤਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸਦੇ ਚਲਦਿਆਂ ਹੀ ਬੀਤੇ ਵਰੇ ਇੱਕ ਨੌਜਵਾਨ ਦੀ ਜਾਨ ਵੀ ਚਲੀ ਗਈ ਸੀ।

ਪਰਵਿੰਦਰ ਸਿੰਘ ਢੋਟ ਨੇ ਕਿਹਾ ਕਿ ਪੈਦਲ ਯਾਤਰਾ ਮੌਕੇ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲ ਜਾਂ ਵੱਡੇ ਸਪੀਕਰ ਲਗਾ ਕੇ ਟਰੈਕਟਰ ਨਾ ਲਿਆਂਦੇ ਜਾਣ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਪਿੱਛੇ ਚੱਲਣ ਤਾਂ ਜੋ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਹੋ ਸਕੇ।
ਉਨ੍ਹਾਂ ਪਿੰਡਾਂ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤ ਕਿ ਉਹ ਯਾਤਰਾ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਕਰਨ ਤਾਂ ਜੋ ਇਸ ਪੈਦਲ ਯਾਤਰਾ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ। ਆਪ ਆਗੂ ਨੇ ਜਿਲਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਸੁਰੱਖਿਆ ਕਰਮਚਾਰੀਆਂ ਦੀਆਂ ਵੀ ਵੱਧ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।











