
ਫਾਜਿਲਕਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਫ਼ਾਜ਼ਿਲਕਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਸਾਡੇ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਨੇ ਆਪਣੇ-ਆਪਣੇ ਵਰਗ ਵਿੱਚ ਦੂਜਾ-ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹੇ ਵਿਦਿਆਰਥੀਆਂ ਦਾ ਇੱਕ ਰਾਜ ਪੱਧਰੀ ਮੁਕਾਬਲੇ ਮਿਤੀ 17-11-2023 ਨੂੰ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਮਿਡਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਨੂਰਸ਼ਾਹ ਦੀ ਲੜਕੀ ਹੁਸਨਦੀਪ ਪੁੱਤਰੀ ਸ਼੍ਰੀ ਮਹਿੰਦਰ ਸਿੰਘ ਨੇ ਭਾਗ ਲਿਆ ਅਤੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।

ਸੈਕੰਡਰੀ ਵਰਗ ਵਿੱਚ ਸਕੂਲ ਆਫ਼ ਐਮੀਨੈਂਸ ਜਲਾਲਾਬਾਦ ਦੀ ਲੜਕੀ ਅਲੀਸ਼ਾ ਪੁੱਤਰੀ ਸ਼੍ਰੀ ਰਾਜੇਸ਼ ਕੁਮਾਰ ਨੇ ਭਾਗ ਲਿਆ ਅਤੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ. ਸਤਨਾਮ ਸਿੰਘ ਜੀ ਦੁਆਰਾ ਸਰਟੀਫਿਕੇਟ, ਮੈਡਲ ਅਤੇ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਇਹਨਾਂ ਦੀ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਦੇ ਨਾਲ- ਨਾਲ ਇਹਨਾਂ ਦੇ ਅਧਿਆਪਕ ਸਾਹਿਬਾਨ, ਸਕੂਲ ਮੁਖੀ ਅਤੇ ਮਾਤਾ- ਪਿਤਾ ਨੂੰ ਵਧਾਈ ਦਿੰਦਾ ਹੈ ਅਤੇ ਇਹਨਾਂ ਦੇ ਰੋਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਭੇਜਦਾ ਹੈ।












