ਨੌਜਵਾਨਾਂ ਦਾ ਬਤੌਰ ਕਮਿਸ਼ਨਡ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸੰਸਥਾ ਮੋਹਾਲੀ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਚਲਾਈ ਜਾ ਰਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸੰਸਥਾ ਪੰਜਾਬ ਦੇ ਨੌਜਵਾਨਾਂ ਨੂੰ ਐੱਨ.ਡੀ.ਏ. ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਬਤੌਰ ਕਮਿਸ਼ਨਡ ਅਫ਼ਸਰ ਬਣਨ ਲਈ ਸਿਖਲਾਈ ਦੇਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਇਹ ਸੰਸਥਾ ਲੜਕਿਆਂ ਨੂੰ ਵਧੀਆ ਸਿਖਲਾਈ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਐੱਨ.ਡੀ.ਏ. ਦੀ ਯੂ.ਪੀ.ਐੱਸ.ਸੀ. ਪ੍ਰੀਖਿਆ ਦੇ ਨਾਲ-ਨਾਲ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਤਿਆਰੀ ਵਿੱਚ ਵੀ ਉਨ੍ਹਾਂ ਦੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਨੌਜਵਾਨਾਂ ਨੂੰ ਸਰੀਰਕ ਅਤੇ ਹੁਨਰ ਸਿਖ਼ਲਾਈ ਵੀ ਦਿੱਤੀ ਜਾਂਦੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸੰਸਥਾ ਵਿੱਚ ਸਿਖ਼ਲਾਈ ਦੌਰਾਨ ਰਹਿਣ-ਸਹਿਣ, ਖਾਣਾ, ਵਰਦੀਆਂ ਆਦਿ ਦਾ ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਸਿਰਫ ਸਕੂਲ ਦੀ ਫੀਸ ਦਾ ਭੁਗਤਾਨ ਹੀ ਕਰਨਾ ਪੈਂਦਾ ਹੈ, ਜੋ ਨਾਮਾਤਰ ਹੁੰਦੀ ਹੈ। ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਸੀ. ਦੀ 11ਵੀਂ ਅਤੇ 12ਵੀਂ ਦੀ ਪੜ੍ਹਾਈ ਲਈ ਮੋਹਾਲੀ ਦੇ ਇੱਕ ਨਾਮਵਰ ਸਕੂਲ ਵਿੱਚ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਤੋਂ ਹੁਣ ਤੱਕ ਐੱਨ.ਡੀ.ਏ./ਸੇਵਾ ਅਕੈਡਮੀਆਂ ਵਿੱਚ ਸ਼ਾਮਲ ਹੋਏ ਕੈਡਿਟਾਂ ਦੀ ਕੁੱਲ ਗਿਣਤੀ 217 ਹੈ, ਜਿਨ੍ਹਾਂ ਵਿਚੋਂ 141 ਕੈਡਿਟਾਂ ਨੂੰ ਭਾਰਤੀ ਆਰਮਡ ਫੋਰਸਿਜ਼ ਵਿੱਚ ਬਤੌਰ ਅਫ਼ਸਰਾਂ ਵਜੋਂ ਕਮਿਸ਼ਨਡ ਦਿੱਤਾ ਗਿਆ ਹੈ। ਮੌਜੂਦਾ ਸਮੇਂ ਇਸ ਸੰਸਥਾ ਦੀ ਸਫ਼ਲਤਾ ਦੀ ਦਰ 54 ਫੀਸਦੀ ਹੈ, ਜੋ ਕਿ ਪੂਰੇ ਦੇਸ਼ ਵਿੱਚ ਕਿਸੇ ਵੀ ਸੈਨਿਕ/ਮਿਲਟਰੀ ਸਕੂਲ/ਪ੍ਰਾਈਵੇਟ ਟਰੇਨਿੰਗ ਇੰਸਟੀਚਿਊਟ ਨਾਲੋਂ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ 54 ਕੈਡਿਟਾਂ ਨੇ ਐੱਨ.ਡੀ.ਏ. ਦੀ ਯੂ.ਪੀ.ਐੱਸ.ਸੀ. ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਜੋ ਕਿ ਸਾਰੇ ਭਾਰਤ ਵਿਚੋਂ ਸਰਵੋਤਮ ਹੈ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਨੌਜਵਾਨ ਐੱਨ.ਡੀ.ਏ. ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਬਤੌਰ ਕਮਿਸ਼ਨਡ ਅਫ਼ਸਰ ਬਣਨ ਦੇ ਚਾਹਵਾਨ ਹਨ ਉਹ ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਚਲਾਈ ਜਾ ਰਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸੰਸਥਾ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੰਸਥਾ ਦੇ ਨੰਬਰ 90410-06305 ਜਾਂ 0172-2219707 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here