ਪੰਜਾਬ ਟੈਕਸੇਸ਼ਨ ਵਿਭਾਗ ਨੇ 5 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਕੀਤੇ ਜ਼ਬਤ

The Stellar News Logo

ਪਟਿਆਲਾ (ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਪੰਜਾਬ ਟੈਕਸੇਸ਼ਨ ਵਿਭਾਗ ਨੇ ਸੜਕਾਂ ਨਿਰੀਖਣ ਵਿੱਚ ਕੀਤੇ ਵਾਧੇ ਦੇ ਮੱਦੇਨਜਰ ਇੱਕ ਨਿੱਜੀ ਵਾਹਨ ਵਿੱਚੋਂ ਟੈਕਸ ਚੋਰੀ ਕਰਕੇ ਲਿਜਾਏ ਜਾ ਰਹੇ ਕਰੀਬ 5 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਹਨ। 

Advertisements

ਇਹ ਜਾਣਕਾਰੀ ਦਿੰਦਿਆਂ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨ ਜੋਤ ਕੌਰ ਨੇ ਖੁਲਾਸਾ ਕੀਤਾ ਕਿ, ਵਧੀਕ ਮੁੱਖ ਸਕੱਤਰ (ਟੈਕਸੇਸ਼ਨ), ਪੰਜਾਬ ਸ਼੍ਰੀ ਵਿਕਾਸ ਪ੍ਰਤਾਪ ਸਿੰਘ ਤੇ ਕਰ ਕਮਿਸ਼ਨਰ, ਪੰਜਾਬ ਸ਼੍ਰੀ ਵਰੁਣ ਰੂਜਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਗਾਮੀ ਲੋਕ ਸਭਾ ਚੋਣਾਂ, 2024 ਦੌਰਾਨ ਸਖ਼ਤ ਸੜਕੀ ਜਾਂਚ ਰਾਹੀਂ ਟੈਕਸ ਚੋਰੀ ਦਾ ਪਤਾ ਲਗਾਉਣ ਦੀ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਤੁਰੰਤ ਬਾਅਦ ਸ਼ੁਰੂ ਹੋਈ ਇਸ ਪਹਿਲਕਦਮੀ ਦੌਰਾਨ, ਐਸ.ਟੀ.ਓ. ਹੁਕਮ ਚੰਦ ਬਾਂਸਲ ਦੀ ਅਗਵਾਈ ਹੇਠ ਇੱਕ ਟੀਮ, ਜੋ ਕਿ ਏ ਸੀ ਐਸ ਟੀ ਪਰਦੀਪ ਕੌਰ ਢਿੱਲੋਂ, ਐਸ ਆਈ ਪੀ ਯੂ ਪਟਿਆਲਾ ਦੀ ਨਿਗਰਾਨੀ ਵਿੱਚ ਤਾਇਨਾਤ ਸੀ, ਵੱਲੋਂ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਲਗਭਗ 5 ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਹੈ।

ਕਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨ ਜੋਤ ਕੌਰ ਨੇ ਅੱਗੇ ਦੱਸਿਆ ਕਿ ਸਟੇਟ ਟੈਕਸ ਅਫਸਰ ਨੂੰ ਬਠਿੰਡਾ ਤੋਂ ਚੰਡੀਗੜ੍ਹ ਜਾਣ ਲਈ ਇੱਕ ਚਿੱਟੇ ਰੰਗ ਦੀ ਇਨੋਵਾ ਕਾਰ ਰਜਿਸਟ੍ਰੇਸ਼ਨ ਨੰਬਰ ਸੀਐਚ 01 ਬੀਕਿਯੂ 0402, ਵਿੱਚ ਵੱਡੀ ਮਾਤਰਾ ਵਿੱਚ ਕੀਮਤੀ ਧਾਤਾਂ ਦੀ ਢੋਆ-ਢੁਆਈ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ, ਇਸ ਗੱਡੀ ਦਾ ਵਿਆਪਕ ਪਿੱਛਾ ਕਰਨ ਤੋਂ ਬਾਅਦ, ਵਾਹਨ ਨੂੰ 16 ਮਾਰਚ ਦੀ ਲੰਘੀ ਰਾਤ ਕਰੀਬ 10:51 ਵਜੇ ਟੋਲ ਪਲਾਜ਼ਾ ਕਾਲਾਝਾੜ (ਭਵਾਨੀਗੜ੍ਹ-ਪਟਿਆਲਾ ਰੋਡ) ਨੇੜੇ ਕਾਬੂ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਵਸਤੂਆਂ ਦਾ ਮਾਲਕ ਜੀਐਸਟੀ ਐਕਟ, 2017 ਦੇ ਉਪਬੰਧਾਂ ਦੁਆਰਾ ਲਾਜ਼ਮੀ ਤੌਰ ‘ਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ। 

ਇਸ ਦੌਰਾਨ ਸ਼ੁਰੂਆਤੀ ਭੌਤਿਕ ਤਸਦੀਕ ਨੇ ਪੁਸ਼ਟੀ ਕੀਤੀ ਕਿ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣਿਆਂ ਦੇ ਰੂਪ ਵਿੱਚ ਅੰਗੂਠੀਆਂ, ਚੂੜੀਆਂ, ਚੋਕਰ ਸੈੱਟ ਤੇ ਹਾਰ ਆਦਿ ਸ਼ਾਮਲ ਸਨ, ਨੂੰ ਸਹੀ ਅਤੇ ਪ੍ਰਮਾਣਿਕ ਦਸਤਾਵੇਜ਼ਾਂ ਦੀ ਅਣਹੋਂਦ ਵਿੱਚ, ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ। ਹਾਲਾਂਕਿ, ਮਾਲ ਦੀ ਅਸਲ ਕੀਮਤ ਦਾ ਪਤਾ ਲਗਾਉਣ ਅਤੇ ਨਾਲ ਦੇ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਜੀਵਨਜੋਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਸੋਨੇ ਅਤੇ ਹੀਰਿਆਂ ਦਾ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਸਬੰਧਤ ਫਰਮ ਨੂੰ ਟੈਕਸ ਚੋਰੀ ਲਈ ਭਾਰੀ ਜੁਰਮਾਨਾ ਭਰਨਾ ਪਵੇਗਾ।

LEAVE A REPLY

Please enter your comment!
Please enter your name here