
ਤਲਵਾੜਾ (ਦ ਸਟੈਲਰ ਨਿਊਜ਼)। ਕੰਢੀ ਖੇਤਰ ਵਿਚ ਲੋਕ ਖਸਤਾ ਹਾਲ ਲਿੰਕ ਸੜਕਾਂ ਤੋਂ ਦੁਖੀ ਹਨ। ਲੋਕ ਸਭਾ ਚੋਣਾਂ ਸਿਰ ’ਤੇ ਹਨ ਅਤੇ ਚਿਹਰਿਆਂ ਦੀ ਸਿਆਸਤ ਵਿੱਚ ਲੋਕ ਮੁੱਦੇ ਗਾਇਬ ਹਨ। ਆਪਣੇ ਮੁੱਦਿਆਂ ਨੂੰ ਉਭਾਰਨ ਲਈ ਪਿੰਡ ਟੋਹਲੂ ਭਟੇੜ ਦੇ ਵਾਸੀਆਂ ਨੇ ਰਾਜਸੀ ਪਾਰਟੀਆਂ ਦਾ ਧਿਆਨ ਆਪਣੇ ਮੁੱਦਿਆ ਵੱਲ ਦਿਵਾਉਣ ਲਈ ਪਹਿਲਕਦਮੀ ਕੀਤੀ ਹੈ, ਪਿੰਡ ਦੇ ਅਗਾਂਹ ਵਧੂ ਨੌਜਵਾਨ ਸੁਮੀਤ ਸ਼ਰਮਾ ਨੇ ਦਸਿਆ ਕਿ ਪਿਛਲੇ ਕਰੀਬ 15 ਸਾਲ ਤੋਂ ਪਿੰਡ ਦੀ ਲਿੰਕ ਸੜਕ ਖਸਤਾ ਹਾਲ ਹੈ, ਕਈ ਸਰਕਾਰਾਂ ਆਈਆਂ ਅਤੇ ਗਈਆਂ, ਬਦਲਾਅ ਦੇ ਨਾਅਰੇ ਨਾਲ ਸੱਤਾ ਵਿਚ ਆਈ ਆਪ ਸਰਕਾਰ ਨੇ ਵੀ ਆਪਣੇ ਦੋ ਸਾਲਾ ਕਾਰਜਕਾਲ ਵਿਚ ਵੀ ਪਿੰਡ ਦੀ ਸਾਰ ਨਹੀਂ ਲਈ। ਰਾਜਸੀ ਆਗੂਆਂ ਦੇ ਲਾਰਿਆਂ ਤੋਂ ਅੱਕੇ ਪਿੰਡ ਵਾਸੀਆਂ ਨੇ ਮੌਜੂਦਾ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਸੇਵਾਮੁਕਤ ਮਾਸਟਰ ਕੁੰਦਨ ਲਾਲ, ਰਾਮ ਕ੍ਰਿਸ਼ਨ , ਮਨੋਜ ਸ਼ਾਸਤਰੀ, ਓਮ ਪ੍ਰਕਾਸ਼, ਯੁੱਧਵੀਰ ਸਿੰਘ ਆਦਿ ਨੇ ਦਸਿਆ ਕਿ ਅੱਡਾ ਅੰਬੀ ਤੋਂ ਕਮਾਹੀ ਦੇਵੀ ਨੂੰ ਜੋੜਨ ਵਾਲੀ ਕਰੀਬ 12 ਕਿਲੋਮੀਟਰ ਲੰਬੀ ਸੜਕ ‘ਤੇ ਟੋਹਲੂ, ਭਟੇੜ, ਦੁਗਰਾਲ ,ਪੱਲੀ, ਬੇੜਿੰਗ, ਪਲੀਹਰ, ਰੇੜੂ ਪੱਤੀ ਇਕ ਦਰਜਨ ਪਿੰਡ ਪੈਂਦੇ ਹਨ।












