
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹੇ ਵਿੱਚ ਖੂਨਦਾਨ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪਿੰਡ ਬੁੱਲੋਵਾਲ ਨਿਵਾਸੀ ਸਟਾਰ ਕੱਪਲ ਬਲੱਡ ਡੋਨਰ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ 30ਵੀਂ ਵਾਰ ਇਕੱਠਿਆਂ ਖੂਨਦਾਨ ਕਰਕੇ ਇੱਕ ਮਿਸਾਲ ਪੇਸ਼ ਕੀਤੀ। ਇਹ ਜੋੜਾ ਹਰ ਚਾਰ ਮਹੀਨੇ ਬਾਅਦ ਲਗਾਤਾਰ ਖੂਨਦਾਨ ਕਰਦਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ ਨੇ ਅੱਜ 65ਵੀ ਅਤੇ ਜਤਿੰਦਰ ਕੌਰ ਸਿੱਧੂ ਨੇ 30ਵੀ ਵਾਰ ਖੂਨਦਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਖੂਨਦਾਨ ਵਿੱਚ ਅਹਿਮ ਯੋਗਦਾਨ ਲਈ ਸਿੱਧੂ ਜੋੜੇ ਨੂੰ ਰਾਜ ਪੱਧਰੀ ਸਨਮਾਨ ਤੋ ਇਲਾਵਾ ਸਿਹਤ ਵਿਭਾਗ ਹੁਸ਼ਿਆਰਪੁਰ, ਜਿਹਨਾਂ ਪ੍ਰਸ਼ਾਸ਼ਨ ਹੁਸ਼ਿਆਰਪੁਰ ਅਤੇ ਵੱਖ-ਵੱਖ ਸੰਸਥਾਵਾਂ ਵੱਲੋ ਸਨਮਾਨਿਆ ਜਾ ਚੁੱਕਾ ਹੈ। ਸਿੱਧੂ ਜੋੜੇ ਨੇ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਜਿਆਦਾ ਗਰਮੀ ਹੋਣ ਕਰਕੇ ਖੂਨਦਾਨ ਕੈਪਾਂ ਦੀ ਗਿਣਤੀ ਘੱਟ ਰਹੀ ਹੈ, ਇਸ ਲਈ ਵੱਧ ਤੋ ਵੱਧ ਖੂਨਦਾਨੀ ਬਲੱਡ ਬੈਂਕਾਂ ਵਿੱਚ ਆ ਕੇ ਖੂਨਦਾਨ ਕਰਨ।












