
ਚੰਡੀਗੜ੍ਹ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਮਿਲਿਆ ਹੈ ਜਦੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰ ਪਾਲ ਸਿੰਘ ਗਰਚਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਪਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਸਤੀਫ਼ਾ ਭੇਜਿਆ ਹੈ। ਹਲਾਂਕਿ ਗਰਚਾ ਨੇ ਆਪਣੇ ਅਸਤੀਫ਼ੇ ਦਾ ਕਾਰਨ ਨਹੀਂ ਦੱਸਿਆ ਹੈ ਪਰ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਲਈ ਪਿਛਲੇ ਕਾਫ਼ੀ ਸਮੇਂ ਤੋਂ ਦਿਨ ਰਾਤ ਮਿਹਨਤ ਕਰਦਾ ਆ ਰਿਹਾ ਹਾਂ ਪਰ ਹੁਣ ਉਹ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਅ ਸਕਦਾ। ਉਨ੍ਹਾਂ ਨੂੰ ਦੂਜੀ ਵਾਰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਸੀ।

ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਕਈ ਬਾਗੀ ਸੁਰ ਉੱਠੇ ਹਨ ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਵੀ ਕਿਹਾ ਜਾ ਰਿਹਾ ਹੈ। ਬੀਤੇ ਦਿਨੀਂ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਖੁੱਲ੍ਹਾ ਪੱਤਰ ਲਿਖਿਆ ਸੀ। ਜਿਸ ਵਿੱਚ ਉਹਨਾਂ ਨੇ ਕਈ ਸੁਝਾਅ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਬਣੇ ਰਹੋ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾਉਣੀ ਚਾਹੀਦੀ ਹੈ। ਚਰਨਜੀਤ ਬਰਾੜ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਮੈਂ ਚੋਣਾਂ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾਂ ਚਾਹੁੰਦਾ ਸੀ ਪਰ ਤੁਹਾਡੇ ਤੋਂ ਸਮਾਂ ਨਾ ਹੋਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ। ਜੋ ਮੈਂ ਲਿਖ ਰਿਹਾ ਹਾਂ ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ।











