
ਗੁਰਦਾਸਪੁਰ (ਦ ਸਟੈਲਰ ਨਿਊਜ਼)। ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ 2 ਦੋਸਤਾਂ ਦੀ ਤੇਜ਼ ਰਫਤਾਰ ਇਨੋਵਾ ਕਾਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਹਿਤੇਸ਼ ਅਗਰਵਾਲ ਉਮਰ 25 ਸਾਲਾਂ ਵਾਸੀ ਰੇਲਵੇ ਰੋਡ ਤੇ ਵਰੁਣ ਮਹਾਜਨ ਉਮਰ 25 ਸਾਲਾਂ ਵਾਸੀ ਗੁਰੂ ਨਾਨਕ ਗਲੀ, ਗਾਂਧੀ ਗੇਟ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਦੋਵੇਂ ਬਾਈਕ ਤੇ ਗੁਰਦਾਸਪੁਰ ਤੋਂ ਵਾਪਸ ਦੀਨਾਨਗਰ ਆ ਰਹੇ ਸਨ ਤਾਂ ਮੀਂਹ ਪੈ ਰਿਹਾ ਸੀ ਤੇ ਰਾਤ ਕਰੀਬ 10 ਵਜੇ ਜਦੋਂ ਉਹ ਦੋਵੇਂ ਸ਼ਹਿਰ ਦੇ ਜੀਟੀ ਰੋਡ ਤੇ ਸਥਿਤ ਭਾਰਤ ਇੰਡਸਟਰੀਜ਼ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਆਲਟੋ ਕਾਰ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਨੋਵਾ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਬਾਈਕ ਸਵਾਰ ਵਰੁਣ ਮਹਾਜਨ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ, ਜਦਕਿ ਪਿੱਛੇ ਬੈਠਾ ਹਿਤੇਸ਼ ਅਗਰਵਾਲ ਹਵਾ ਵਿੱਚ ਉੱਛਲ ਕੇ ਸੜਕ ਕਿਨਾਰੇ ਇੱਕ ਦਰੱਖਤ ਕੋਲ ਜਾ ਡਿੱਗਿਆ। ਹਾਦਸਾ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












