
ਹਾਜੀਪੁਰ-ਤਲਵਾੜਾ (ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ। ਝੋਨੇ ਦਾ ਸੀਜ਼ਣ ਸ਼ੁਰੂ ਹੋ ਚੁੱਕਿਆ ਹੈ । ਖੇਤਾਂ ਚ ਝੋਨਾ ਲੱਗਣ ਦੀਆਂ ਕਈ ਤਸਵੀਰਾਂ ਆ ਰਹੀਆਂ ਨੇ। ਪਰ ਹਾਜੀਪੁਰ ਦੇ ਪਿੰਡ ਸੈਦੋਂ ਨੌਸ਼ਹਿਰਾ ਤੋਂ ਝੋਨਾ ਲੱਗਣ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ…ਜੋ ਕਿ ਪੂਰੇ ਸ਼ਹਿਰ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਲੋਕਾਂ ਨੇ ਸੜਕ ਦੀ ਮਾੜੀ ਹਾਲਤ ਤੋੰ ਅੱਕ ਕੇ ਸੜਕ ਤੇ ਹੀ ਝੋਨਾ ਬੀਜ ਦਿੱਤਾ ਅਤੇ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ।

ਪਿੰਡ ਸੈਦੋਂ ਨੌਸ਼ਹਿਰਾ ਭਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਬੱਸ ਸਟੈਂਡ ਸੈਦੋਂ ਨੌਸ਼ਹਿਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਪ੍ਰਤੀਕ ਤੌਰ ’ਤੇ ਸੜਕ ’ਤੇ ਝੋਨੇ ਦੀ ਲੁਆਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਦਾ ਪੁਤਲਾ ਫੂਕਿਆ। ਇਸ ਮੌਕੇ ਧਰਮਿੰਦਰ ਸਿੰਘ ਪ੍ਰਧਾਨ ਸੈਦੋਂ ਨੌਸ਼ਹਿਰਾ ਵੈਲਫੇਅਰ ਕਮੇਟੀ ਨੇ ਕਿਹਾ ਕਿ ਹਾਜੀਪੁਰ ਤੋਂ ਠਾਕੁਰਦੁਆਰੇ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ। ਇਹ ਸੜਕ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਛੱਪੜ ਦਾ ਰੂਪ ਧਾਰਨ ਕਰ ਗਈ ਹੈ। ਰੋਜ਼ਾਨਾ ਕਰੀਬ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਲੰਘਦੇ ਹਨ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਅਕਸਰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਗੰਦਾ ਪਾਣੀ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਵਿਚ ਮਲੇਰੀਆ, ਡੇਂਗੂ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਸਥਾਨਕ ਬੀ.ਡੀ.ਪੀ.ਓ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੜਕ ਦੀ ਮੁਰੰਮਤ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ ਪਿੰਡ ਸੈਦੋਂ ਨੌਸ਼ਹਿਰਾ ਦੇ ਵਸਨੀਕ ਕੁਲਦੀਪ ਸਿੰਘ ਸੂਬੇਦਾਰ, ਟਹਿਲ ਸਿੰਘ ਸੂਬੇਦਾਰ, ਐਡਵੋਕੇਟ ਰਾਹੁਲ ਬਹਿਲ, ਮਹਿੰਗਾ ਸਿੰਘ, ਗੁਰਵਿੰਦਰ ਸਿੰਘ, ਸੁਖਦਿਆਲ ਸਿੰਘ, ਪ੍ਰੇਮ ਚੰਦ, ਪਰਮਜੀਤ ਸਿੰਘ, ਪੰਕਜ ਕੁਮਾਰ, ਜਰਨੈਲ ਸਿੰਘ ਆਦਿ ਹਾਜ਼ਰ ਸਨ।












