
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੂੰ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਹਾਰੂਨ ਰਸ਼ੀਦ ਤੇ ਸਟਾਫ਼ ਵਲੋਂ ਵਕਫ਼ ਬੋਰਡ ਕਪੂਰਥਲਾ ਦੇ ਦਫ਼ਤਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਅਸਟੇਟ ਅਫ਼ਸਰ ਨੇ ਮੌਲਵੀ ਅਬਦੁਲ ਹਮੀਦ ਨੂੰ ਫੁੱਲਾਂ ਦਾ ਹਾਰ ਪਾ ਕੇ, ਗੁਲਦਸਤਾ ਤੇ ਲੋਈ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਗੁੱਜਰ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਰਮਜ਼ਾਨ ਅਲੀ, ਜਨਰਲ ਸਕੱਤਰ ਯਕੂਬ ਅਲੀ, ਮੌਰਿਸ਼ ਮਸਜਿਦ ਦੇ ਇਮਾਮ ਹਾਫਿਜ਼ ਸ਼ੌਕਤ ਅਲੀ, ਮੁਹੰਮਦ ਸ਼ਕੀਲ, ਅਨਵਰ ਖ਼ਾਨ ਆਦਿ ਨੇ ਫੁੱਲਾਂ ਦਾ ਹਾਰ ਪਾ ਕੇ ਮੌਲਵੀ ਅਬਦੁਲ ਹਮੀਦ ਨੂੰ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਗੁੱਜਰ ਮਹਾਂ ਸਭਾ ਵੈੱਲਫੇਅਰ ਕਮੇਟੀ ਦੇ ਜਨਰਲ ਸਕੱਤਰ ਯਕੂਬ ਅਲੀ ਨੇ ਕਿਹਾ ਕਿ ਮੌਲਵੀ ਅਬਦੁਲ ਹਮੀਦ ਨੇ ਬਹੁਤ ਲੰਮਾ ਸਮਾਂ ਵਕਫ਼ ਬੋਰਡ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਤੇ ਹੁਣ 65 ਸਾਲ ਦੀ ਉਮਰ ਵਿਚ ਸੇਵਾ ਮੁਕਤ ਹੋਏ ਹਨ।

ਉਨ੍ਹਾਂ ਨੇ ਇਸ ਮੌਕੇ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਹਾਰੂਨ ਰਸ਼ੀਦ ਤੇ ਹੋਰ ਆਲਾ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਮੁਸਲਿਮ ਭਾਈਚਾਰੇ ਦੀ ਬੇਨਤੀ ‘ਤੇ ਮੁੜ ਮੌਲਵੀ ਅਬਦੁਲ ਹਮੀਦ ਨੂੰ ਲਾਹੌਰੀ ਗੇਟ ਮਸਜਿਦ ਵਿਚ ਇਮਾਮ ਵਜੋਂ ਤਾਇਨਾਤ ਕੀਤਾ ਹੈ। ਇਸ ਮੌਕੇ ਮੌਲਵੀ ਅਬਦੁਲ ਹਮੀਦ ਨੇ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਹਾਰੂਨ ਰਸ਼ੀਦ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸਟਾਫ਼ ਵਲੋਂ ਦਿੱਤੇ ਨਿੱਘੇ ਪਿਆਰ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਮੌਲਵੀ ਅਬਦੁਲ ਹਮੀਦ ਨੇ ਕਿਹਾ ਉਨ੍ਹਾਂ ਨੇ 1987 ਵਿਚ ਵਕਫ਼ ਬੋਰਡ ਵਿਚ ਡਿਊਟੀ ਜੁਆਇਨ ਕੀਤੀ ਸੀ ਤੇ ਹੁਣ ਲਗਭਗ 38 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਇਮਾਮਤ ਦੇ ਨਾਲ-ਨਾਲ ਭਾਸ਼ਾ ਵਿਭਾਗ ਦਫ਼ਤਰ ਵਿਚ ਲੋਕਾਂ ਨੂੰ ਉਰਦੂ ਅਮੋਜ਼ ਦੀ ਵੀ ਸਿੱਖਿਆ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਉਨ੍ਹਾਂ ਲੋਕਾਂ ਨੂੰ ਸਿਖਾਇਆ ਉੱਥੇ ਉਨ੍ਹਾਂ ਨੂੰ ਵੀ ਲੋਕਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਇਸ ਮੌਕੇ ਆਰ.ਸੀ. ਸਮੀਰ ਖ਼ਾਨ, ਆਰ.ਸੀ. ਲਿਆਕਤ ਅਲੀ, ਮੱਖਣ ਅਲੀ, ਸ਼ਬੀਰ ਅਲੀ, ਸ਼ਰੀਫ ਅਲੀ, ਮੁਹੰਮਦ ਸ਼ਕੀਲ, ਕਰਮਦੀਨ ਕੋਟ, ਜ਼ਹੂਰ ਅਲੀ, ਮਨਸੂਰ ਅਲੀ, ਬਿੱਟੂ ਬਿੱਲਾ ਕੋਠੀ ਆਦਿ ਹਾਜ਼ਰ ਸਨ।











