
ਹਰ ਕੋਈ ਚਾਹੁੰਦਾ ਹੈ, ਆਪਣੀ ਜ਼ਿੰਦਗੀ ਵਿੱਚ, ਪੂਰੀ ਖੁੱਲ੍ਹ ਤੇ ਨਾਲੇ ਅਜ਼ਾਦੀ ਯਾਰੋ
ਜੇ ਕੁੱਝ ਕੁ ਧਨਾਢ ਲੋਕਾਂ ਨੂੰ ਹੀ, ਖੁੱਲ੍ਹ ਮਿਲੇ ਤਾਂ ਆਮ ਲੋਕਾਂ ਦੀ ਕਾਹਦੀ ਅਜ਼ਾਦੀ ਯਾਰੋ
ਗੱਲੋਂ ਜੂਲਾ ਗੁਲਾਮੀ ਦਾ, ਲਾਉਣ ਦਾ ਲਈ, ਦੇਸ਼ ਭਗਤਾਂ ਨੇ ਕਸਮ ਸੀ ਖਾਧੀ ਯਾਰੋ
ਤੰਗੀਆਂ ਤੁਰਸ਼ੀਆਂ ਮੁਸੀਬਤਾਂ ਝੱਲੀਆਂ ਸੀ, ਮੁਸ਼ਕਲਾਂ ਨਾਲ ਹੀ ਮਿਲੀ ਅਜ਼ਾਦੀ ਯਾਰੋ
ਜੇਲ੍ਹਾਂ ਕੱਟੀਆਂ ਫਰੀਡਮ ਫਾਈਟਰਾਂ ਨੇ, ਪਿੱਛੋਂ ਲਈ ਨਹੀ ਕੋਈ ਉਪਾਧੀ ਯਾਰੋ
ਖੂਨ ਬਹੁਤ ਸ਼ਹੀਦਾਂ ਦਾ ਡੁੱਲ੍ਹਿਆਂ ਸੀ, ਕਿਤੇ ਐਵੇਂ ਤਾਂ ਨਹੀਂ ਆਈ ਅਜ਼ਾਦੀ ਯਾਰੋ
ਦੇਸ਼ ਵਾਸੀਆਂ ਦੀ, ਸੋਚ ਖੁੰਡੀ ਹੋ ਗਈ, ਦੇਸ਼ ਭਗਤਾਂ ਜੋ ਕਦੇ ਸੀ ਖ਼ਰਾਦੀ ਯਾਰੋ
ਚੋਰ ਲੁਟੇਰੇ ਠੱਗ ਬੇਈਮਾਨ ਬਹੁਤ ਹੋ ਗਏ, ਜਿਨ੍ਹਾਂ ਦੇਸ਼ ਦੀ ਕੀਤੀ ਬਰਬਾਦੀ ਯਾਰੋ
ਮਾਰਾਂ-ਧਾੜਾਂ, ਲੁੱਟਾਂ-ਖੋਹਾਂ ਨੇ ਹੀ, ਬਣਾ ਦਿੱਤੀ, ਇਹ ਅਜ਼ਾਦੀ ਬੜੀ ਬੇਸੁਆਦੀ ਯਾਰੋ
ਭੁੱਖ ਨੰਗ ਗ਼ਰੀਬੀ ਮਹਿੰਗਾਈ ਵੱਧ ਗਈ ਤੇ ਨਾਲੇ ਵੱਧ ਗਈ ਬਹੁਤ ਅਬਾਦੀ ਯਾਰੋ
ਦੇਸ਼ ਪ੍ਰੇਮੀਆਂ ਦੀ, ਡਾਢੀ ਘਾਟ ਹੋ ਗਈ, ਵਧੇ ਫ਼ਿਰਕਾਪ੍ਰਸਤ ਅੱਤਵਾਦੀ ਯਾਰੋ
ਕਿਤੇ ਅਜ਼ਾਦੀ ਹੀ ਨਾ ਖ਼ਤਰੇ ਵਿੱਚ ਪੈ ਜਾਵੇ, ਡੌਂਡੀ ਪਿੱਟੀਏ ਤੇ ਕਰੀਏ ਮੁਨਾਦੀ ਯਾਰੋ
ਡਰ ਖੌਂਫ ਚਿੰਤਾ ਨਾਲ ਕਿੱਦਾ ਜਿਊਣਗੇ ਸਭ, ਭੈਣ ਭਰਾ ਮਾਂ ਬਾਪ ਦਾਦਾ ਦਾਦੀ ਯਾਰੋ
ਅੰਤਰ-ਰਾਸ਼ਟਰੀ ਪੱਧਰ ਤੇ ਸਤਰਕ ਰਹੀਏ ਵਿਦੇਸ਼ੀ ਤਾਕਤਾਂ ਨਾ ਕਰਨ ਉਸਤਾਦੀ ਯਾਰੋ
ਇਕੱਠੇ ਰਹਿੰਦਿਆਂ, ਆਪਸ ਵਿੱਚ ਉਲਝੀਏ ਨਾ, ਤੇ ਨਾ ਬਣੀਏ ਕਦੇ ਉਗਰਵਾਦੀ ਯਾਰੋ
ਇੱਕ ਵਧੀਆਂ ਨਿੱਗਰ ਸਮਾਜ ਸਿਰਜਣੇ ਲਈ ਬਣ ਜਾਈਏ ਆਪਾਂ ਮਾਨਵਵਾਦੀ ਯਾਰੋ
ਝਗੜੇ ਝੰਜਟ ਛੱਡੋ, ਮੰਦਰਾਂ ਮਸਜਿਦਾਂ ਦੇ, ਤੇ ਧਰਮਾਂ ਖ਼ਾਤਰ ਨਾ ਬਣੀਏ ਫਸਾਦੀ ਯਾਰੋ
ਲਾ-ਪ੍ਰਵਾਹੀਆਂ ਆਪਾਂ ਤਿਆਗ ਦਈਏ, ਫ਼ਰਜ਼ ਨਿਭਾਉਣ ਦੇ ਬਣੀਏ ਆਦੀ ਯਾਰੋ
ਛੱਡੀਏ ਖੁੱਦਗਰਜ਼ੀ, ਬਣੀਏ ਸਰਵ ਸਾਂਝੀ, ਆਪਾਂ ਬਣਨਾ ਕਿਉਂ ਵੱਖਵਾਦੀ ਯਾਰੋ
ਸਵਰਾਜ ਵਰਗਾ ਨਹੀਂ ਦੁਨੀਆਂ ‘ਚ ਸਵਰਗ ਕੋਈ ਗੁਲਾਮੀ ਵਰਗੀ ਨਹੀਂ ਬੇ-ਸਵਾਦੀ ਯਾਰੋ
ਹਰ ਬਿਮਾਰੀ ਤੋਂ ਬਚਣ ਦਾ ਯਤਨ ਕਰੀਏ ਤੇ ਚੜ੍ਹੇ ਬੁਖ਼ਾਰ ਨਾ ਕਿਸੇ ਨੂੰ ਮੁਨਿਆਦੀ ਯਾਰੋ
ਚਲੋ ਬਚੀਏ ਹੁਣ ਬੇਲੋੜੇ ਖ਼ਰਚਿਆਂ ਤੋਂ ਤੇ ਹਰ ਇੱਕ ਰਸਮ ਹੋ ਜਾਵੇ ਸਾਦੀ ਯਾਰੋ
ਟੇਰਕਿਆਨਾ ਕਿਸੇ ਨਾਲ ਵੀ ਨਾ ਹੋਵੇ ਧੱਕਾ, ਮਜ਼ੇਦਾਰ ਹਊ ਤਾਂ ਹੀ ਅਜ਼ਾਦੀ ਯਾਰੋ
ਸਵੇਰ ਸਦਾ ਅਜ਼ਾਦੀ ਦੀ ਚੜ੍ਹੀ ਦਿਸੇ, ਕੋਈ ਵੀ ਨਿਰਾਸ਼ ਨਾ ਜਾਵੇ ਫ਼ਰਿਆਦੀ ਯਾਰੋ
-ਰਘਵੀਰ ਸਿੰਘ ਟੇਰਕਿਆਨਾ













