Wednesday, October 7, 2026
Home Latest ਕੈਨੇਡਾ ’ਚ ਪੰਜਾਬੀ ਪੁਲਿਸ ਅਫਸਰ ਸਮੇਤ 4 ਮੁਲਾਜ਼ਮਾਂ ਨੂੰ ਮਿਲਿਆ ਬਹਾਦਰੀ ਸਨਮਾਨ

ਕੈਨੇਡਾ ’ਚ ਪੰਜਾਬੀ ਪੁਲਿਸ ਅਫਸਰ ਸਮੇਤ 4 ਮੁਲਾਜ਼ਮਾਂ ਨੂੰ ਮਿਲਿਆ ਬਹਾਦਰੀ ਸਨਮਾਨ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਵਿੱਚ ਪੰਜਾਬੀ ਮੂਲ ਦੇ ਪੁਲਿਸ ਅਫਸਰ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਆਪਣੀ ਬਹਾਦਰੀ ਅਤੇ ਤੁਰੰਤ ਕਾਰਵਾਈ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ ਹੈ। ਮਾਮਲਾ 4 ਦਸੰਬਰ 2024 ਦਾ ਹੈ, ਜਦੋਂ ਡਾਊਨਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਵੱਲੋਂ ਸ਼ਰਾਬ ਅਤੇ ਚਾਕੂ ਚੋਰੀ ਕਰਨ ਦੀ ਸੂਚਨਾ ਪੁਲਿਸ ਨੂੰ ਮਿਲੀ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਮੁਲਜ਼ਮ ਸਾਹਮਣੇ ਮੌਜੂਦ ਇੱਕ ਸਟੋਰ ਵਿੱਚ ਦਾਖਲ ਹੋ ਚੁੱਕਾ ਸੀ। ਇੱਥੇ ਉਸ ਨੇ ਇੱਕ ਮਹਿਲਾ ਕਰਮਚਾਰੀ ’ਤੇ ਚਾਕੂ ਨਾਲ ਕਈ ਵਾਰ ਕੀਤੇ, ਜਦਕਿ ਇੱਕ ਹੋਰ ਮਹਿਲਾ ਵੀ ਸਟੋਰ ਦੇ ਅੰਦਰ ਹੀ ਫਸ ਗਈ। ਮੌਕੇ ’ਤੇ ਪਹੁੰਚੇ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬ੍ਰਾਇਨ ਰੌਗਰ ਅਤੇ ਮਾਈਕਲ ਵੂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਟੇਜ਼ਰ ਦੀ ਵਰਤੋਂ ਕੀਤੀ ਗਈ, ਪਰ ਇਸ ਦਾ ਹਮਲਾਵਰ ’ਤੇ ਕੋਈ ਅਸਰ ਨਹੀਂ ਹੋਇਆ।

Advertisements

ਇਸੇ ਦੌਰਾਨ ਹਮਲਾਵਰ ਚਾਕੂ ਲੈ ਕੇ ਮੁੜ ਦੋਵਾਂ ਔਰਤਾਂ ਵੱਲ ਵਧਿਆ। ਖ਼ਤਰਾ ਵਧਦਾ ਦੇਖ ਇੱਕ ਪੁਲਿਸ ਕਾਂਸਟੇਬਲ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਹਮਲਾਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋਵਾਂ ਔਰਤਾਂ ਦੀ ਜਾਨ ਬਚ ਗਈ। ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜ਼ਖ਼ਮੀ ਮਹਿਲਾ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਅਤੇ ਡਾਕਟਰੀ ਮਦਦ ਮੁਹੱਈਆ ਕਰਵਾਈ। 2 ਔਰਤਾਂ ਨੂੰ ਖ਼ਤਰਨਾਕ ਹਮਲਾਵਰ ਤੋਂ ਬਚਾਉਣ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੀਤੀ ਤੁਰੰਤ ਕਾਰਵਾਈ ਲਈ ਕਾਂਸਟੇਬਲ ਓਪਿੰਦਰ ਕੂਨਰ ਸਮੇਤ ਚਾਰਾਂ ਪੁਲਿਸ ਅਧਿਕਾਰੀਆਂ ਨੂੰ Chief Constable’s Citation ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬੀ ਮੂਲ ਦੇ ਪੁਲਿਸ ਅਫਸਰ ਦੀ ਇਸ ਬਹਾਦਰੀ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।

LEAVE A REPLY

Please enter your comment!
Please enter your name here