
ਨਾਭਾ (ਦ ਸਟੈਲਰ ਨਿਊਜ਼)। ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਉਸਨੂੰ ਲਿਆਉਣ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਦਿੱਲੀ ਪਹੁੰਚ ਗਈਆਂ ਹਨ। ਭਾਰਤ ਲਿਆਉਣ ਲਈ ਭਾਰਤੀ ਪੱਖ ਤੋਂ ਲੰਮੀ ਕਾਨੂੰਨੀ ਲੜਾਈ ਲੜੀ ਗਈ। ਰਮਨਜੀਤ ਰੋਮੀ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਰੋਮੀ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਾਮਲੇ ਦਰਜ ਹਨ। ਅੱਜ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨ ਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਰੋਮੀ ਤੇ 2016-17 ਵਿਚ ਜਲੰਧਰ ਅਤੇ ਲੁਧਿਆਣਾ ਵਿਚ ਹੋਏ ਕਤਲਾਂ ਵਿਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਪੰਜਾਬ ਪੁਲਿਸ ਅਨੁਸਾਰ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖੋ ਦੇ ਸੰਪਰਕ ਵਿੱਚ ਸੀ।

ਗੁਰਪ੍ਰੀਤ ਨਵੰਬਰ 2016 ਵਿੱਚ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਛੇ ਵਿਅਕਤੀਆਂ ਵਿੱਚੋਂ ਇੱਕ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੀ। ਪੁਲਿਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ੍ਹ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ। ਇਸ ਦੇ ਨਾਲ ਹੀ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਹਾਂਗਕਾਂਗ ਤੋਂ ਰਚੀ ਗਈ ਸੀ। ਜ਼ਿਕਰਯੋਗ ਹੈ ਕਿ ਰਮਨਜੀਤ ਰੋਮੀ ਨੇ ਨਾਭਾ ਜੇਲ ਬ੍ਰੇਕ ਕਾਂਡ ਦੀ ਸਾਰੀ ਸਾਜ਼ਿਸ਼ ਵਿਦੇਸ਼ ਵਿੱਚ ਬੈਠ ਕੇ ਰਚੀ ਸੀ ਅਤੇ ਇਸ ਘਟਨਾ ਤੋਂ ਬਾਅਦ ਜੇਲ ਦੀ ਸੁਰੱਖਿਆ ਤੇ ਕਈ ਸਵਾਲ ਖੜ੍ਹੇ ਹੋ ਗਏ ਸਨ। ਇਹ ਘਟਨਾ 27 ਨਵੰਬਰ 2016 ਦੀ ਹੈ। ਜਦੋਂ ਪਟਿਆਲਾ ਦੀ ਨਾਭਾ ਜੇਲ੍ਹ ਵਿੱਚੋਂ ਛੇ ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ ਵਿੱਚ ਦੋ ਅੱਤਵਾਦੀ ਅਤੇ ਚਾਰ ਗੈਂਗਸਟਰ ਸ਼ਾਮਲ ਸਨ।












