
ਤਲਵਾੜਾ (ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ। ਇੱਥੇ ਲੰਘੀ ਰਾਤ ਰਾਮ ਜਨਮਆਸ਼ਟਮੀ ਦਾ ਮੇਲਾ ਦੇਖਣ ਗਏ ਨੌਜਵਾਨ ਤੋਂ ਫੋਨ ਮੰਗਣ ‘ਤੇ ਮਨ੍ਹਾਂ ਕਰਨ ’ਤੇ ਤੈਸ਼ ‘ਚ ਆਏ ਛੇ ਜਣਿਆ ਨੇ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ, ਉਪਰੰਤ ਅਧਮਰਿਆ ਸਮਝ ਸ਼ਾਹ ਨਹਿਰ ਬੈਰਾਜ ਕੋਲ਼ ਸੁੱਟ ਕੇ ਦੌਡ਼੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀਡ਼੍ਹਤ ਨੌਜਵਾਨ ਸਥਾਨਕ ਬੀਬੀਐਮਬੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਮਾਰਕੁੱਟ ਦੇ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ 19 ਪੁੱਤਰ ਮਲਕੀਤ ਸਿੰਘ ਵਾਸੀ ਟੈਰਸ ਰੋਡ ਤਲਵਾਡ਼ਾ ਵਜੋਂ ਹੋਈ ਹੈ। ਸਥਾਨਕ ਪੁਲੀਸ ਕੋਲ਼ ਦਰਜ ਕਰਵਾਏ ਬਿਆਨਾਂ ‘ਚ ਪੀਡ਼੍ਹਤ ਨੇ ਦਸਿਆ ਕਿ ਉਹ ਬੀਤੀ ਰਾਤ ਬੀਬੀਐਮਬੀ ਕਲੌਨੀ ਦੇ ਸੈਕਟਰ 2 ਵਿਖੇ ਸਥਿਤ ਜਨਮ ਅਸ਼ਟਮੀ ਦਾ ਮੇਲਾ ਦੇਖਣ ਗਿਆ ਹੋਇਆ ਸੀ, ਵਕਤ ਕਰੀਬ 11 ਵਜੇ ਜਦੋਂ ਵਾਪਸ ਘਰ ਪਰਤਣ ਲੱਗਾ ਤਾਂ ਉਸ ਕੋਲ਼ ਅੱਧੀ ਦਰਜਨ ਨੌਜਵਾਨ ਆਏ ਅਤੇ ਕਿਸੇ ਨੂੰ ਫੋਨ ਕਰਨ ਲਈ ਮੋਬਾਈਲ ਮੰਗਣ ਲੱਗੇ, ਮਨ੍ਹਾਂ ਕਰਨ ‘ਤੇ ਉਹ ਜ਼ਬਰੀ ਘੇਰ ਕੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਦੇ ਨਜ਼ਦੀਕ ਲੈ ਆਏ, ਉਨ੍ਹਾਂ ‘ਚੋਂ ਇੱਕ ਨੇ ਸਿਰ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ, ਉਹ ਬੇਹੋਸ਼ ਹੋ ਗਿਆ, ਅਤੇ ਹਮਲਾਵਰ ਉਸਨੂੰ ਮਰਿਆ ਸਮਝ ਸ਼ਾਹ ਨਹਿਰ ਬੈਰਾਜ ਕੋਲ਼ ਝਾਡ਼ੀਆਂ ‘ਚ ਸੁੱਟ ਆਏ।
ਕ੍ਰਿਸ਼ਨ ਕੁਮਾਰ ਨੇ ਦਸਿਆ ਕਿ ਜਦੋਂ ਉਸਨੂੰ ਹੋਸ਼ ਆਈ ਤਾਂ ਉਹ ਡਰ ਦੇ ਮਾਰੇ ਘਰ ਆਉਣ ਦੀ ਬਜਾਇ ਸਰਹੱਦੀ ਪਿੰਡ ਸਥਾਣਾ ਹਿ ਪ੍ਰ ਚਲਾ ਗਿਆ , ਜਿੱਥੇ ਉਸਨੇ ਆਪਣੇ ਰਿਸ਼ਤੇਦਾਰ ਦੇ ਫੋਨ ਤੋਂ ਘਰ ਫੋਨ ਕੀਤਾ ਅਤੇ ਆਪਣੀ ਵਿਥਿਆ ਸੁਣਾਈ। ਰਾਤ ਵਕਤ ਕਰੀਬ 2 ਵਜੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਬੀਬੀਐਮਬੀ ਹਸਪਤਾਲ ਤਲਵਾਡ਼ਾ ਵਿਖੇ ਦਾਖ਼ਲ ਕਰਵਾਇਆ। ਕ੍ਰਿਸ਼ਨ ਕੁਮਾਰ ਨੇ ਦਸਿਆ ਕਿ ਹਮਲਾਵਰਾਂ ਵਿਚੋਂ ਉਹ ਤਿੰਨ ਵਿਸ਼ੂ, ਲਾਡੀ ਅਤੇ ਮਾਣਾ ਨੂੰ ਪਛਾਣਦਾ ਹੈ, ਜੋ ਕਿ ਬੀਬੀਐਮਬੀ ਕਲੌਨੀ ਦੇ ਬਾਸ਼ਿੰਦੇ ਹਨ। ਉਧਰ ਤਲਵਾਡ਼ਾ ਪੁਲੀਸ ਦੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦਸਿਆ ਕਿ ਪੀਡ਼੍ਹਤ ਕ੍ਰਿਸ਼ਨ ਦੇ ਬਿਆਨਾਂ ’ਤੇ ਵਾਰਦਾਤ ‘ਚ ਸ਼ਾਮਲ ਮਾਣਾ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜ਼ਾਰੀ ਹੈ।












