
ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਵਿੱਚ ਸਵੇਰੇ ਤੜਕਸਾਰ ਪੈਦਲ ਸੈਰ ਕਰ ਰਹੇ 2 ਵਿਅਕਤੀਆਂ ਨੂੰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ 1 ਦੀ ਮੌਤ ਹੋ ਗਈ ਤੇ 1 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੰਵਲਜੀਤ ਜੋ ਕਿ ਰੋਜਾਨਾ ਦੀ ਤਰ੍ਹਾਂ ਸਵੇਰੇ ਆਪਣੇ ਦੋਸਤ ਸੁਰਿੰਦਰ ਨਾਲ ਸੈਰ ਕਰਨ ਲਈ ਨਿਕਲਿਆ ਸੀ ਤੇ ਜਦੋਂ ਉਹ ਅਰਨੀਵਾਲਾ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਪੈਦਲ ਜਾ ਰਹੇ ਦੋਵੇਂ ਦੋਸਤ ਕਰੀਬ 20 ਤੋਂ 25 ਫੁੱਟ ਦੂਰ ਝਾੜੀਆਂ ਵਿੱਚ ਜਾ ਡਿੱਗੇ। ਮੌਕੇ ਤੇ ਮੌਜੂਦ ਬਲਜੀਤ ਨੇ ਮੋਬਾਈਲ ਦੀ ਟਾਰਚ ਨੂੰ ਚਾਲੂ ਕੀਤਾ ਤੇ ਜ਼ਖਮੀਆਂ ਦੀ ਭਾਲ ਕੀਤੀ ਤੇ ਉਹਨਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਕੰਵਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਸੁਰਿੰਦਰ ਦਾ ਇਲਾਜ ਕੀਤਾ ਜਾ ਰਿਹਾ ਹੈ।











