
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਭੰਗਾਲਾ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਦੂਸਰੀ ਪਤਨੀ ਦੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਚਰਨਜੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਲਕੀਤ ਵਾਸੀ ਪਿੰਡ ਭੰਗਾਲਾ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਸੁਰਿੰਦਰ ਨਾਲ ਉਸਦੀ ਘੱਟ ਬਣਦੀ ਸੀ ਤਾਂ ਉਸਨੇ ਦੂਸਰਾ ਵਿਆਹ ਚਰਨਜੀਤ ਕੌਰ ਵਾਸੀ ਭੱਗੂਪੁਰ ਨਾਲ ਕਰਵਾ ਲਿਆ ਸੀ। ਜਾਣਕਾਰੀ ਮੁਤਾਬਕ ਮਲਕੀਤ ਨੇ ਆਪਣੀ ਪਹਿਲੀ ਪਤਨੀ ਤੇ ਉਸਦੇ ਬੱਚਿਆਂ ਦੇ ਨਾਂ ਸਾਢੇ 12 ਏਕੜ ਜ਼ਮੀਨ ਲਗਵਾਈ ਸੀ ਤੇ ਮ੍ਰਿਤਕ ਚਰਨਜੀਤ ਤੇ ਉਸਦੇ ਬੱਚਿਆਂ ਦੇ ਨਾਂ ਕੇਵਲ ਸਾਢੇ 3 ਏਕੜ ਜ਼ਮੀਨ ਕੀਤੀ ਸੀ।

ਪਹਿਲੀ ਪਤਨੀ ਦੇ ਬੱਚੇ ਲੜਾਈ ਝਗੜਾ ਕਰਦੇ ਸਨ ਕਿ ਚਰਨਜੀਤ ਨੂੰ ਦਿੱਤੀ ਜਮੀਨ ਵੀ ਉਨ੍ਹਾਂ ਦੇ ਨਾਂ ਹੋ ਜਾਵੇ। ਇਸ ਕਾਰਨ ਮਲਕੀਤ ਨੇ ਆਪਣੀ ਦੂਸਰੀ ਪਤਨੀ ਦਾ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਕਤਲ ਕਰਕੇ ਮਲਕੀਤ ਖੁਦ ਹੀ ਪੁਲਿਸ ਕੋਲ ਪੇਸ਼ ਹੋ ਗਿਆ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












