
ਲੰਡਨ (ਦ ਸਟੈਲਰ ਨਿਊਜ਼)। ਲੰਡਨ ਵਿੱਚ ਦਿੱਲੀ ਦੀ 24 ਸਾਲਾ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 11 ਨਵੰਬਰ ਦੀ ਸਵੇਰ ਨੂੰ ਪੁਲਿਸ ਨੇ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਬ੍ਰਿਸਬੇਨ ਰੋਡ ਤੇ ਖੜੀ ਇੱਕ ਸਿਲਵਰ ਵੌਕਸਹਾਲ ਕੋਰਸਾ ਦੇਖੀ, ਜਿਸਦੇ ਟਰੰਕ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਮ੍ਰਿਤਕਾਂ ਲੜਕੀ ਦੀ ਪਹਿਚਾਣ ਹਰਸ਼ਿਤਾ ਬਰੇਲਾ ਉਮਰ 24 ਸਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਸ਼ਿਤਾ ਦਾ ਪਿਛਲੇ ਸਾਲ ਅਗਸਤ ਵਿੱਚ ਪੰਕਜ ਲਾਂਬਾ ਨਾਲ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਉਹ ਇਸ ਸਾਲ ਅਪ੍ਰੈਲ ਵਿੱਚ ਯੂਨਾਈਟਿਡ ਕਿੰਗਡਮ ਚਲੀ ਗਈ ਸੀ। ਜਿੱਥੇ ਕੁੱਝ ਦਿਨ ਪਹਿਲਾਂ ਹੀ ਉਹ ਨੌਰਥੈਂਪਟਨਸ਼ਾਇਰ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਲਾਸ਼ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਹਰਸ਼ਿਤਾ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ।

ਫਿਲਹਾਲ ਪੁਲਿਸ ਨੇ ਹਰਸ਼ਿਤਾ ਦੇ ਕਤਲ ਦਾ ਸ਼ੱਕ ਉਸਦੇ ਪਤੀ ਪੰਕਜ ਤੇ ਕੀਤਾ ਹੈ ਜੋ ਕਥਿਤ ਤੌਰ ਤੇ ਅਪਰਾਧ ਕਰਨ ਤੋਂ ਤੁਰੰਤ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਕਤਲ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਸ਼ਿਤਾ ਨੂੰ ਘਰੇਲੂ ਹਿੰਸਾ ਦਾ ਵੀ ਸਾਹਮਣਾ ਕਰਨਾ ਪਿਆ। ਸਤੰਬਰ ਵਿੱਚ, ਉਸਨੂੰ ਬਦਸਲੂਕੀ ਦੀਆਂ ਘਟਨਾਵਾਂ ਤੋਂ ਬਾਅਦ ਉਸਦੇ ਪਤੀ ਦੇ ਖਿਲਾਫ ਇੱਕ ਘਰੇਲੂ ਹਿੰਸਾ ਸੁਰੱਖਿਆ ਆਦੇਸ਼ ਡੀਵੀਪੀਓ ਦਿੱਤਾ ਗਿਆ ਸੀ। ਹਾਲਾਂਕਿ, ਕਾਨੂੰਨੀ ਸਹਾਇਤਾ ਲੈਣ ਤੋਂ ਬਾਅਦ ਵੀ, ਉਹ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰ ਰਹੀ ਸੀ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਹਰਸ਼ਿਤਾ ਦੀ ਮੌਤ ਤੋਂ ਕੁੱਝ ਦਿਨ ਪਹਿਲਾਂ ਉਹਨਾਂ ਦੇ ਘਰੋਂ ਝਗੜੇ ਹੋਣ ਦੀਆਂ ਅਵਾਜਾਂ ਆਉਦਿਂਆ ਹਨ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












