
ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਦੋ ਮਹਿਲਾ ਕੈਡੇਟਾਂ ਚਰਨਪ੍ਰੀਤ ਕੌਰ ਤੇ ਮਹਿਕ ਨੂੰ ਜਨਵਰੀ 2025 ਤੋਂ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਰਾਲੀ ਐਸਏਐਸ ਨਗਰ ਦੀ ਰਹਿਣ ਵਾਲੀ ਮਹਿਲਾ ਕੈਡੇਟ ਚਰਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਬਨਵੈਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹਨ ਤੇ ਮਹਿਕ ਦੇ ਪਿਤਾ ਅਨਿਲ ਕੁਮਾਰ ਦਹੀਆ, ਵਾਸੀ ਐਸਏਐਸ ਨਗਰ, ਸਰਕਾਰੀ ਅਧਿਆਪਕ ਹਨ। ਜਾਣਕਾਰੀ ਮੁਤਾਬਕ 192 ਲੜਕੀਆਂ ਦੀ ਮੈਰਿਟ ਸੂਚੀ ਵਿੱਚ ਚਰਨਪ੍ਰੀਤ ਨੇ ਆਲ ਇੰਡੀਆ ਰੈਂਕ ਏਆਈਆਰ ਦਾ ਚੌਥਾ ਤੇ ਮਹਿਕ ਨੇ 23ਵਾਂ ਰੈਂਕ ਹਾਸਲ ਕੀਤਾ ਹੈ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਪ੍ਰਾਪਤੀ ਤੇ ਦੋਵਾਂ ਮਹਿਲਾ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਸਫਲਤਾ ਯਕੀਨੀ ਤੌਰ ਤੇ ਪੰਜਾਬ ਦੀਆਂ ਹੋਰ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਮਾਈ ਭਾਗੋ ਏਐਫਪੀਆਈ ਵਿੱਚ ਲੜਕੀਆਂ ਲਈ ਐਨਡੀਏ ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਇਸ ਸੰਸਥਾ ਦੀਆਂ ਚਾਰ ਹੋਰ ਮਹਿਲਾ ਕੈਡਿਟਾਂ ਨੇ ਐਨਡੀਏ ਪ੍ਰਵੇਸ਼ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਐਸਐਸਬੀ ਸਕ੍ਰੀਨਿੰਗ ਦੀ ਤਿਆਰੀ ਕਰ ਰਹੀਆਂ ਹਨ। ਮਾਈ ਭਾਗੋ ਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸੰਧੂ ਏਵੀਐਸਐਮ (ਸੇਵਾਮੁਕਤ) ਨੇ ਏਅਰ ਫੋਰਸ ਅਕੈਡਮੀ ਲਈ ਮਹਿਲਾ ਕੈਡਿਟਾਂ ਦੀ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਰਾਜ ਦੀਆਂ ਹੋਰ ਲੜਕੀਆਂ ਨੂੰ ਵੀ ਵੱਖ-ਵੱਖ ਹਥਿਆਰਬੰਦ ਅਕੈਡਮੀਆਂ ਦੀ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।












