
ਸੰਗਰੂਰ (ਦ ਸਟੈਲਰ ਨਿਊਜ਼)। ਸ਼ਾਹਪੁਰ ਕਲਾਂ ਦੇ ਵਿਅਕਤੀ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੌਂਣ ਖਾਂ ਵਾਸੀ ਪਿੰਡ ਸ਼ਾਹਪੁਰ ਕਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਲੱਖੀ ਸਰਪੰਚ, ਪੰਚਾਇਤ ਮੈਂਬਰ ਸੰਦੀਪ ਸਿੰਘ ਤੇ ਬੀਰਬਲ ਨੇ ਦੱਸਿਆ ਕਿ ਕੁੱਝ ਸਾਲਾਂ ਤੋਂ ਸੌਂਣ ਖਾਂ ਦੀ ਪਤਨੀ ਕੈਂਸਰ ਤੋਂ ਪੀੜ੍ਹਤ ਸੀ ਜਿਸਦੀ ਪਿਛਲੇ ਮਹੀਨੇ ਹੀ ਮੌਤ ਹੋ ਗਈ ਤੇ ਪਰਿਵਾਰ ਵਿੱਚ 2 ਬੱਚੇ 1 ਲੜਕਾ ਤੇ ਲੜਕੀ ਸਨ ਜਦਕਿ ਲੜਕੀ ਅਜੇ ਨਬਾਲਗ ਹੈ।

ਉਹਨਾਂ ਦੱਸਿਆ ਕਿ ਸੌਣ ਖਾਂ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਕਰਜ਼ੇ ਤੋਂ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ ਜਿਸ ਕਾਰਨ ਸੌਣ ਖਾਂ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੰਚਾਇਤ ਨੇ ਸਰਕਾਰ ਤੋਂ ਪੀੜ੍ਹਤ ਪਰਿਵਾਰ ਦੀ ਆਰਥਿਕ ਮੱਦਦ ਦੀ ਮੰਗ ਕੀਤੀ ਹੈ।










