
ਮੁਕੇਰੀਆਂ (ਦ ਸਟੈਲਰ ਨਿਊਜ਼)। ਮੁਕੇਰੀਆਂ ਦੇ ਪਿੰਡ ਧੀਰੋਵਾਲ ਦਾ ਨੌਜਵਾਨ ਪਿਛਲੇ ਡੇਢ ਸਾਲ ਤੋਂ ਵਿਦੇਸ਼ ਵਿੱਚ ਲਾਪਤਾ ਦੱਸਿਆ ਜਾ ਰਿਹਾ ਹੈ। ਨੌਜ਼ਵਾਨ ਦੀ ਪਹਿਚਾਣ ਅਮਰੀਸ਼ ਦੱਤਾ ਉਮਰ 34 ਸਾਲਾ ਵਾਸੀ ਪਿੰਡ ਧੀਰੋਵਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਆਪਣੇ ਪਰਿਵਾਰ ਦਾ ਉੱਜਵਲ ਭਵਿੱਖ ਬਣਾਉਣ ਲਈ 4 ਸਤੰਬਰ 2023 ਨੂੰ ਫਰਾਂਸ ਗਿਆ ਸੀ ਪਰ ਜਦੋਂ ਉਹ ਸਰਬੀਆ ਪਹੁੰਚਿਆ ਤਾਂ ਉਥੋਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ। ਅਜੇ ਤੱਕ ਅਮਰੀਸ਼ ਦੀ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਦਿੰਦਿਆਂ ਅਮਰੀਸ਼ ਦੱਤਾ ਦੀ ਪਤਨੀ ਨੇਹਾ ਕੁਮਾਰੀ ਨੇ ਦੱਸਿਆ ਕਿ ਉਸਦੇ 2 ਛੋਟੇ ਬੱਚੇ ਹਨ। ਅਮਰੀਸ਼ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਉਹ 4 ਸਤੰਬਰ 2023 ਨੂੰ ਘਰੋਂ ਨਿਕਲਿਆ ਸੀ ਤੇ ਅਮਰੀਸ਼ ਉਹਨਾਂ ਨੂੰ ਸਮੇਂ-ਸਮੇਂ ਤੇ ਫ਼ੋਨ ਕਰਦਾ ਸੀ। ਜਦੋਂ ਅਮਰੀਸ਼ ਸਰਬੀਆ ਪਹੁੰਚਿਆ ਤਾਂ ਉਸਨੇ 2 ਅਕਤੂਬਰ 2023 ਨੂੰ ਫੋਨ ਕਰਕੇ ਦੱਸਿਆ ਕਿ ਉਹ ਕੁਝ ਦਿਨਾਂ ਬਾਅਦ ਫਰਾਂਸ ਪਹੁੰਚ ਜਾਵੇਗਾ।

ਉਸ ਦਿਨ ਤੋਂ ਬਾਅਦ ਅਮਰੀਸ਼ ਨੇ ਕਦੇ ਫੋਨ ਨਹੀਂ ਕੀਤਾ। ਅੱਜ ਤੱਕ ਪੂਰਾ ਪਰਿਵਾਰ ਉਸਦੇ ਫੋਨ ਦੀ ਉਡੀਕ ਕਰ ਰਿਹਾ ਹੈ। ਨੇਹਾ ਨੇ ਦੱਸਿਆ ਕਿ ਅਮਰੀਸ਼ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ 16 ਲੱਖ ਰੁਪਏ ਲਏ ਸੀ ਤੇ ਉਹਨਾਂ ਨੇ ਕਰਜ਼ਾ ਲੈ ਕੇ ਉਨ੍ਹਾਂ ਨੂੰ ਪੈਸੇ ਦਿੱਤੇ ਸਨ, ਜਿਸ ਦਾ ਵਿਆਜ ਉਹ ਅੱਜ ਤੱਕ ਅਦਾ ਨਹੀਂ ਕੀਤਾ ਹੈ। ਅਮਰੀਸ਼ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਟਰੈਵਲ ਏਜੰਟਾਂ ਸ਼ਿਕਾਇਤ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਕੀਤੀ ਸੀ, ਜਿਸਤੋਂ ਬਾਅਦ ਉਹਨਾਂ ਨੇ ਚਾਰੇ ਏਜੰਟਾਂ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਸੀ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਏਜੰਟ ਪਹੁੰਚ ਤੋਂ ਬਾਹਰ ਹਨ। ਅਮਰੀਸ਼ ਦੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਅਮਰੀਸ਼ ਨੂੰ ਲੱਭਣ ਅਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।










