Sunday, October 25, 2026
Home Latest ਭਾਰਤ ਸਰਕਾਰ ਦੇ ਡਾਇਰੈਕਟਰ ਪਸ਼ੂ ਪਾਲਣ ਵੀ.ਪੀ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਚੱਲ...

ਭਾਰਤ ਸਰਕਾਰ ਦੇ ਡਾਇਰੈਕਟਰ ਪਸ਼ੂ ਪਾਲਣ ਵੀ.ਪੀ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਚੱਲ ਰਹੀ ਪਸ਼ੂ ਧੰਨ ਗਣਨਾ ਦਾ ਜਾਇਜ਼ਾ

ਪਟਿਆਲਾ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ (ਏਐਚਐਸ) ਵੀ.ਪੀ ਸਿੰਘ ਨੇ ਜ਼ਿਲ੍ਹੇ ਵਿੱਚ ਚੱਲ ਰਹੀ 21ਵੀਂ ਪਸ਼ੂ ਧੰਨ ਗਣਨਾ ਦੀ ਪ੍ਰਗਤੀ ਦਾ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜਾਇਜ਼ਾ ਲਿਆ। ਪਟਿਆਲਾ ਜ਼ਿਲ੍ਹੇ ਦੇ ਪਸ਼ੂ ਧੰਨ ਦੀ ਗਣਨਾ ‘ਚ ਲਗਾਏ ਗਏ ਸੁਪਰਵਾਈਜ਼ਰਾਂ ਨਾਲ ਬੈਠਕ ਕਰਦਿਆਂ ਹੁਣ ਤੱਕ ਹੋਏ ਕੰਮ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗਣਨਾ ਨੂੰ 28 ਫਰਵਰੀ 2025 ਤੱਕ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਇਸ ਮੌਕੇ ਡਾ. ਰਵੀਕਾਂਤ ਡਿਪਟੀ ਡਾਇਰੈਕਟਰ, ਅੰਕੜਾ ਸਦਰ ਦਫ਼ਤਰ ਵੱਲੋਂ ਮੌਕੇ ਤੇ ਆਨ-ਲਾਈਨ ਅੰਕੜੇ ਦੇ ਸਬੰਧ ਵਿੱਚ ਸੁਪਰਵਾਈਜ਼ਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਬੈਠਕ ਦੌਰਾਨ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ 21ਵੀਂ ਪਸ਼ੂ ਧੰਨ ਗਣਨਾ ਜਾਰੀ ਹੈ ਜਿਸ ਦੌਰਾਨ ਕੁੱਲ 16 ਵੱਖ ਵੱਖ ਨਸਲਾਂ ਦੇ ਪਸ਼ੂਆਂ ਅਤੇ ਪੋਲਟਰੀ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਗਣਨਾ ਵਿੱਚ ਪਸ਼ੂ ਪਾਲਣ ਕਿੱਤੇ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਵੀ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 21ਵੀ ਪਸ਼ੂ ਧੰਨ ਗਣਨਾ ਨੂੰ ਸਮੇਂ ਸਿਰ ਮੁਕੰਮਲ ਕਰਨ ਬਾਰੇ ਪ੍ਰਮੁੱਖ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਰਾਹੁਲ ਭੰਡਾਰੀ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਪ੍ਰੋਜੈਕਟ ਦੀ ਰੋਜ਼ਾਨਾ ਤੌਰ ਤੇ ਕਾਰਗੁਜ਼ਾਰੀ ਦੀ ਸਮੀਖਿਆ ਵਿਭਾਗ ਦੇ ਡਾਇਰੈਕਟਰ, ਡਾ. ਗੁਰਸ਼ਰਨਜੀਤ ਸਿੰਘ ਬੇਦੀ ਵੱਲੋਂ ਕੀਤੀ ਜਾ ਰਹੀ ਹੈ।

Advertisements

ਡਾ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਵਿਆਪਕ ਖੇਤਰੀ ਸਰਵੇਖਣ ਨੂੰ ਪੂਰਾ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 26 ਸੁਪਰਵਾਈਜ਼ਰ ਅਤੇ 133 ਗਿਣਤੀਕਾਰ ਤਾਇਨਾਤ ਕੀਤੇ ਗਏ ਹਨ। ਇਹ ਗਿਣਤੀਕਾਰ ਲਗਭਗ ਜ਼ਿਲ੍ਹੇ ਦੇ 1127 ਪਿੰਡਾਂ ਅਤੇ ਵਾਰਡਾਂ ਵਿੱਚ ਘਰਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਜਾਨਵਰਾਂ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਅਨੁਸਾਰ ਉਨ੍ਹਾਂ ਦੀ ਗਿਣਤੀ ਰਿਕਾਰਡ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ 2019 ਤੋਂ ਬਾਅਦ ਦੂਜੀ ਵਾਰ ਇਹ ਗਣਨਾ ਡਿਜੀਟਲ ਰੂਪ ਵਿੱਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪਸ਼ੂ ਧੰਨ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਸਮੇਤ ਡਾਟਾ ਇਕੱਠਾ ਕਰਨ ਲਈ ਮੋਬਾਇਲ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਦੀ ਵੀ ਉਨ੍ਹਾਂ ਦੀ ਨਸਲ ਦੇ ਅਧਾਰ ਤੇ ਗਿਣਤੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪਹਿਲੀ ਵਾਰ ਗਊਸ਼ਾਲਾਵਾਂ ਵਿੱਚ ਪਸ਼ੂਆਂ ਅਤੇ ਖ਼ਾਨਾਬਦੋਸ਼ ਕਬੀਲਿਆਂ ਦੁਆਰਾ ਪਾਲੇ ਜਾ ਰਹੇ ਪਸ਼ੂਆਂ ਨੂੰ ਵੱਖਰੇ ਤੌਰ ਤੇ ਗਿਣਿਆ ਜਾ ਰਿਹਾ ਹੈ।

ਇਸ ਗਣਨਾ ਦੌਰਾਨ ਪਸ਼ੂ ਪਾਲਣ ਖੇਤਰ ਤੇ ਕਿਸਾਨਾਂ ਦੀ ਨਿਰਭਰਤਾ ਦੇ ਨਾਲ-ਨਾਲ ਪੋਲਟਰੀ ਤੇ ਪਸ਼ੂ ਪਾਲਣ ਦੇ ਔਜ਼ਾਰਾਂ ਬਾਰੇ ਅੰਕੜੇ ਵੀ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗਣਨਾ ਫਰਵਰੀ 2025 ਤੱਕ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਵੇਖਣ ਕਰਨ ਵਾਲੇ ਕਰਮਚਾਰੀਆਂ ਨਾਲ ਸਹਿਯੋਗ ਕਰਨ ਤਾਂ ਜੋ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਸਹਾਇਕ ਡਾਇਰੈਕਟਰ ਡਾ. ਰਜਨੀਕ ਭੌਰਾ, ਸਹਾਇਕ ਡਾਇਰੈਕਟਰ ਡਾ. ਸੌਨਿੰਦਰ ਕੌਰ, ਸੀਨੀਅਰ ਵੈਟਰਨਰੀ ਅਫ਼ਸਰ ਰਾਜਪੁਰਾ ਡਾ. ਕੰਵਰਅਨੂਪ ਸਿੰਘ ਕਲੇਰ, ਸੀਨੀਅਰ ਵੈਟਰਨਰੀ ਅਫ਼ਸਰ ਪਟਿਆਲਾ ਡਾ. ਜਗਵਿੰਦਰ ਕੌਰ, ਸੀਨੀਅਰ ਵੈਟਰਨਰੀ ਅਫਸਰ ਨਾਭਾ ਡਾ. ਮੇਜਰ ਸਿੰਘ ਹਾਜਰ ਰਹੇ।

LEAVE A REPLY

Please enter your comment!
Please enter your name here