
ਸਿੰਗਾਪੁਰ (ਦ ਸਟੈਲਰ ਨਿਊਜ਼)। ਪਿਛਲੇ ਕਈ ਮਹੀਨਿਆਂ ਤੋਂ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਕਾਫ਼ੀ ਹੱਦ ਤੱਕ ਕਾਬੂ ਵਿੱਚ ਦੇਖੇ ਜਾ ਰਹੇ ਸਨ ਪਰ ਹਾਲ ਹੀ ਦੀਆਂ ਰਿਪੋਰਟਾਂ ਇੱਕ ਵਾਰ ਫਿਰ ਚਿੰਤਾਵਾਂ ਵਧਾ ਰਹੀਆਂ ਹਨ। ਬਲੂਮਬਰਗ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਸਿੰਗਾਪੁਰ ਤੇ ਹਾਂਗਕਾਂਗ ਸਮੇਤ ਆਲੇ ਦੁਆਲੇ ਦੇ ਕਈ ਇਲਾਕਿਆਂ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇੱਥੋਂ ਦੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇੱਕ ਵਾਰ ਫਿਰ ਤੋਂ ਇਸ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦੇਣ। ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਏਸ਼ਿਆਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ।

ਸਿੰਗਾਪੁਰ-ਹਾਂਗਕਾਂਗ ਵਿੱਚ ਨਾ ਸਿਰਫ਼ ਲਾਗ ਦੇ ਮਾਮਲੇ ਵਧ ਰਹੇ ਹਨ, ਸਗੋਂ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਵੀ ਵਧੀ ਹੈ। ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ ਵਿਖੇ ਸੰਚਾਰੀ ਬਿਮਾਰੀਆਂ ਦੇ ਮੁਖੀ ਐਲਬਰਟ ਆਊ ਨੇ ਕਿਹਾ ਕਿ ਇੱਥੇ ਵਾਇਰਸ ਦੀ ਗਤੀਵਿਧੀ ਕਾਫ਼ੀ ਜ਼ਿਆਦਾ ਹੈ। 3 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਜਿਨ੍ਹਾਂ ਵਿੱਚ ਗੰਭੀਰ ਮਾਮਲੇ ਵੀ ਸ਼ਾਮਲ ਹਨ, ਇੱਕ ਸਾਲ ਦੇ ਉੱਚ ਪੱਧਰ (31) ‘ਤੇ ਪਹੁੰਚ ਗਈ। ਇਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਦੇ ਵਧਦੇ ਜੋਖਮਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਦੁਨੀਆ ਦੇ ਕਈ ਹਿੱਸਿਆਂ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੇ ਲੋਕਾਂ ਦੇ ਮਨਾਂ ਵਿੱਚ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਵਾਇਰਸ ਦਾ ਕੋਈ ਨਵਾਂ ਰੂਪ ਆ ਗਿਆ ਹੈ? ਜਦੋਂਕਿ ਸਿੰਗਾਪੁਰ ਦੇ ਸਿਹਤ ਅਧਿਕਾਰੀਆਂ ਨੇ ਵੱਧ ਰਹੇ ਮਾਮਲਿਆਂ ਲਈ ਕਿਸੇ ਨਵੇਂ ਰੂਪ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਮਿਊਨਿਟੀ ਘੱਟਣ ਕਾਰਨ ਵਾਇਰਸ ਵਧੇਰੇ ਆਸਾਨੀ ਨਾਲ ਫੈਲ ਰਿਹਾ ਹੈ।












