Thursday, October 22, 2026
Home Latest ਯੁਵਾ ਸੇਵਾਵਾਂ ਵਿਭਾਗ ਨੇ ਨੌਜਵਾਨਾਂ ਦੀ ਕਰਵਾਈ ਐਕਸਪੋਜ਼ਰ ਵਿਜ਼ਟ

ਯੁਵਾ ਸੇਵਾਵਾਂ ਵਿਭਾਗ ਨੇ ਨੌਜਵਾਨਾਂ ਦੀ ਕਰਵਾਈ ਐਕਸਪੋਜ਼ਰ ਵਿਜ਼ਟ

ਪਟਿਆਲਾ (ਦ ਸਟੈਲਰ ਨਿਊਜ਼)। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਯੁਵਕ ਸੇਵਾਵਾਂ ਵਿਭਾਗ ਰੰਗਲਾ ਪੰਜਾਬ ਸਿਰਜਣ ਹਿਤ ਨੌਜਵਾਨਾਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਵਾਉਣ ਹਿਤ ਨਿਤ ਪ੍ਰਤੀ ਦਿਨ ਅੱਗੇ ਵਧ ਰਿਹਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਦੇ ਸਾਰੇ ਜ਼ਿਲਿਆਂ ਵਿੱਚੋਂ ਨੌਜਵਾਨਾਂ ਦੀ ਐਕਸਪੋਜ਼ਰ ਵਿਜ਼ਟ ਟੂ ਕੈਪੀਟਲ ਕਰਵਾਈ ਜਾ ਰਹੀ ਹੈ। ਜਿਸ ਵਿੱਚ ਨੌਜਵਾਨਾਂ ਨੂੰ ਇਤਿਹਾਸਕ, ਧਾਰਮਿਕ, ਸਮਾਜਿਕ ਪੁਰਾਤਨ ਅਤੇ ਨਵੀਨ ਸੰਸਥਾਵਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ। ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਜ਼ਿਲ੍ਹਾ ਪਟਿਆਲਾ, ਸੰਗਰੂਰ ਅਤੇ ਮਲੇਰਕੋਟਲਾ ਤੋਂ 135 ਭਾਗੀਦਾਰਾਂ ਦੀ ਦਿੱਲੀ ਐਕਸਪੋਜ਼ਰ ਵਿਜ਼ਟ ਕਰਵਾਈ ਗਈ ਹੈ। ਇਸ ਵਿਜ਼ਟ ਦੌਰਾਨ ਦਿੱਲੀ ਵਿੱਚ ਰਹਿਣ-ਸਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਿੰਨਾਂ ਜ਼ਿਲ੍ਹਿਆਂ ਦੀ ਅਗਵਾਈ ਵਿਸ਼ੇਸ਼ ਪ੍ਰਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਪੰਜਾਬ ਸ. ਸਰਬਜੀਤ ਸਿੰਘ ਆਈ.ਏ.ਐਸ. ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਨੂੰ ਸੌਂਪੀ ਗਈ ਸੀ। ਇਸ ਵਿਜ਼ਟ ਦੌਰਾਨ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਵਲੰਟੀਅਰਾਂ, ਰੈੱਡ ਰਿਬਨ ਕਲੱਬਾਂ ਦੇ ਮੈਂਬਰਾਂ ਅਤੇ ਯੁਵਕ ਸੇਵਾਵਾਂ ਕਲੱਬਾਂ ਦੇ ਅਹੁਦੇਦਾਰ ਸਾਹਿਬਾਨ ਨੇ ਵੱਧ-ਚੜ ਕੇ ਹਿੱਸਾ ਲਿਆ।

Advertisements

ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਐਕਸਪੋਜ਼ਰ ਵਿਜ਼ਟ ਦੌਰਾਨ ਕੁਝ ਐਸੇ ਨੌਜਵਾਨ ਸਨ ਜਿਨ੍ਹਾਂ ਨੇ ਪਹਿਲੀ ਵਾਰ ਦਿੱਲੀ ਦੇ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਦੌਰਾ ਕੀਤਾ ਹੈ। ਇਸ ਨਾਲ ਵਿਦਿਆਰਥੀਆਂ ਵਿੱਚ ਆਪਣੇ ਇਤਿਹਾਸ ਨੂੰ ਸਮਝਣ, ਸਰਬ ਸਾਂਝੀਵਾਲਤਾ ਦਾ ਪਾਠ ਪੜ੍ਹਨ ਅਤੇ ਸਮਾਜ ਲਈ ਵੱਧ ਤੋਂ ਵੱਧ ਕੰਮ ਕਰਨ ਦੀ ਭਾਵਨਾ ਉਤਸ਼ਾਹਿਤ ਹੁੰਦੀ ਹੈ। ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਪ੍ਰੋਗਰਾਮ ਯੁਵਕ ਸੇਵਾਵਾਂ ਵਿਭਾਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ, ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਰੰਗਲਾ ਪੰਜਾਬ ਸਿਰਜਣ ਵਾਸਤੇ ਵਿਉਂਤਦਾ ਰਹਿੰਦਾ ਹੈ ਅਤੇ ਨੇਪਰੇ ਵੀ ਚੜ੍ਹਾਉਂਦਾ ਹੈ। ਉਹਨਾਂ ਦੱਸਿਆ ਕਿ ਨੌਜਵਾਨਾਂ ਵਿੱਚ ਇਸ ਵਿਜ਼ਟ ਨੂੰ ਲੈ ਕੇ ਬਹੁਤ ਭਾਰੀ ਉਤਸ਼ਾਹ ਨਜ਼ਰ ਆਇਆ ਹੈ। ਇਸ ਵਿਜ਼ਟ ਦੌਰਾਨ ਨੌਜਵਾਨਾਂ ਨੇ ਇੰਟਰਨੈਸ਼ਨਲ ਯੂਥ ਹੋਸਟਲ ਦਿੱਲੀ ਵਿਖੇ ਚਾਰ ਦਿਨਾਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਿਸ ਵਿੱਚ ਨੌਜਵਾਨਾਂ ਨੇ ਪੰਜਾਬ ਦੇ ਲੋਕ ਸਾਜਾਂ, ਲੋਕ ਨਾਚਾਂ ਅਤੇ ਲੋਕ ਗਾਣ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਵਾਇਆ ਅਤੇ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ।

LEAVE A REPLY

Please enter your comment!
Please enter your name here