
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਦੇ ਧੋਬੀਆਣਾ ਵਿਖੇ ਬੇਅੰਤ ਨਗਰ ਨਿਵਾਸੀ ਇੱਕ ਨੌਜਵਾਨ ਦਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕ ਕਾਲੀ ਦੇ ਦੋਸਤ ਰਵੀ ਨੇ ਦੱਸਿਆ ਕਿ ਜਦੋਂ ਕਾਲੀ ਕੰਮ ਤੋਂ ਪਰਤਿਆ ਤਾਂ ਕੁਝ ਲੋਕ ਉਸ ਨੂੰ ਬੁਲਾ ਕੇ ਲੈ ਗਏ ਅਤੇ ਉਸ ਉੱਪਰ ਧੋਬੀਆਣਾ ਬਸਤੀ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਦਾ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਹ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਾਲੀ ਦੇ ਸਿਰ ਵਿੱਚ ਗੰਭੀਰ ਸੱਟਾਂ ਸਨ। ਜਿਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਮ੍ਰਿਤਕ ਕਾਲੀ ਦੀ ਮਾਤਾ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਵਿਚਕਾਰ ਪਹਿਲਾਂ ਵੀ ਲੜਾਈ ਝਗੜਾ ਚੱਲ ਰਿਹਾ ਸੀ ਅਤੇ ਕਈ ਵਾਰ ਰਾਜ਼ੀਨਾਮਾ ਵੀ ਹੋਇਆ ਸੀ।

ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਆਰੋਪੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਆਏ ਦਿਨ ਇਸ ਇਲਾਕੇ ਵਿੱਚ ਕਿਸੇ ਨਾ ਕਿਸੇ ਗੱਲੋਂ ਨੌਜਵਾਨ ਆਪਸ ਵਿੱਚ ਲੜਾਈ ਝਗੜਾ ਕਰਦੇ ਰਹਿੰਦੇ ਹਨ। ਭਾਵੇਂ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਦਿੱਤੀ ਜਾਂਦੀ ਹੈ ਪਰ ਪੁਲਿਸ ਵੱਲੋਂ ਪੁਖਤਾ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਇੰਨੀ ਵੱਡੀ ਘਟਨਾ ਵਾਪਰ ਗਈ ਕਿ ਇੱਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜੇਕਰ ਇਲਾਕੇ ਵਿੱਚ ਸਖ਼ਤ ਕਦਮ ਚੁੱਕੇ ਹੁੰਦੇ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ।
ਉਧਰ ਦੂਸਰੇ ਪਾਸੇ ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਇੱਕ ਨੌਜਵਾਨ ਨੂੰ ਲਿਆਂਦਾ ਗਿਆ ਸੀ ਜਿਸ ਦੀ ਰਾਸਤੇ ਵਿੱਚ ਹੀ ਮੌਤ ਹੋ ਗਈ ਸੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਜਾਰੀ ਹੈ।












