
ਡੇਰਾਬੱਸੀ (ਦ ਸਟੈਲਰ ਨਿਊਜ਼)। ਡੇਰਾਬੱਸੀ ਵਿੱਚ ਦਾਦੇ ਨਾਲ ਸਕੂਟਰੀ ਤੇ ਸਕੂਲ ਤੋਂ ਘਰ ਪਰਤ ਰਹੀ 5 ਸਾਲਾ ਬੱਚੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਹਿਚਾਣ ਆਰਾਧਿਆ ਉਮਰ 5 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਾਧਿਆ ਬਲੂ ਬੇਰੀ ਸਕੂਲ ਵਿੱਚ LKG ਵਿੱਚ ਪੜ੍ਹਦੀ ਸੀ ਤੇ ਉਸਦੇ ਦਾਦਾ ਉਪੇਸ਼ ਬਾਂਸਲ ਐਸਬੀਆਈ ਬੈਂਕ ਤੋਂ ਸੇਵਾਮੁਕਤ ਸੀਨੀਅਰ ਮੈਨੇਜਰ ਹਨ। ਹਰ ਰੋਜ਼ ਦੀ ਤਰ੍ਹਾਂ ਉਹ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਪੋਤੀ ਨੂੰ ਸਕੂਲ ਤੋਂ ਘਰ ਵਾਪਸ ਲੈ ਕੇ ਆ ਰਿਹਾ ਸੀ ਤੇ ਜਦੋਂ ਉਹ ਥੋੜ੍ਹੀ ਦੂਰੀ ਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਕੈਂਟਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਕੁ ਭਿਆਨਕ ਸੀ ਕਿ ਸਕੂਟਰ ਤੇ ਅੱਗੇ ਖੜ੍ਹੀ ਆਰਾਧਿਆ ਟੱਕਰ ਕਾਰਨ ਸਕੂਟਰੀ ਤੋਂ ਹੇਠਾਂ ਡਿੱਗ ਗਈ ਤੇ ਉਸਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਉਸਦਾ ਦਾਦਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਅਰਾਧਿਆ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦਕਿ ਉਸਦੇ ਦਾਦੇ ਦਾ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਨੂੰ ਕਬਜੇ ਵਿੱਚ ਲੈ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












