
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਕਾਲਾ ਕੱਛਾ ਗੈਂਗ ਵੱਲੋਂ ਇੱਕ ਘਰ ਨੂੰ ਨਿਸ਼ਾਨਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਾ ਕੱਛਾ ਗੈਂਗ ਨੇ ਢਿਲਵਾਂ ਪਿੰਡ ਵਿੱਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੇ ਦਫ਼ਤਰ ਦੇ ਬਿਲਕੁਲ ਨਜ਼ਦੀਕ ਰਹਿਣ ਵਾਲੇ ਸੇਵਾਮੁਕਤ ਭਾਰਤੀ ਹਵਾਈ ਸੈਨਾ ਅਧਿਕਾਰੀ ਪਵਨ ਸ਼ਰਮਾ ਦੇ ਘਰ ਵਿੱਚ ਦਾਖਲ ਹੋ ਕੇ ਲੁੱਟ ਕੀਤੀ ਹੈ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦੇ ਪਵਨ ਸ਼ਰਮਾ ਦੀ ਧੀ ਨੇ ਦੱਸਿਆ ਕਿ ਜੇਕਰ ਉਸਦੇ ਮਾਪਿਆਂ ਨੇ ਬੰਦ ਕਮਰੇ ਵਿੱਚੋਂ ਸ਼ੋਰ ਨਾ ਮਚਾਇਆ ਹੁੰਦਾ ਤਾਂ ਕਾਲਾ ਕੱਛਾ ਗੈਂਗ ਦੇ ਮੈਂਬਰਾਂ ਨੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਣਾ ਸੀ। ਉਸਨੇ ਦੱਸਿਆ ਕਿ ਉਹਨਾਂ ਕੋਲ ਰਾਡ, ਡੰਡੇ ਅਤੇ ਹੋਰ ਹਥਿਆਰ ਸਨ ਅਤੇ ਉਨ੍ਹਾਂ ਦੇ ਚਿਹਰੇ ਤੇ ਕਾਲਾ ਪੇਂਟ ਸੀ ਅਤੇ ਸਾਰਿਆਂ ਨੇ ਕਾਲਾ ਕੱਛਾ ਅਤੇ ਕਾਲੀ ਬਨਿਆਨ ਪਾਈ ਹੋਈ ਸੀ।

ਉਸਦੇ ਪਿਤਾ ਨੇ ਜਲਦ ਹੀ ਫੋਨ ਕਰਕੇ ਗੁਆਂਢ ਵਿੱਚ ਰਹਿਣ ਵਾਲੇ ਕਿਸੇ ਜਾਣਕਾਰ ਨੂੰ ਬੁਲਾਇਆ ਤੇ ਘਰ ਦਰਵਾਜ਼ਾ ਖੁਲਵਾਇਆ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਇੱਕ ਜਰਮਨ ਸ਼ੈਫਰਡ ਕੁੱਤਾ ਹੈ। ਘਟਨਾ ਸਮੇਂ ਉਹ ਸੁੱਤਾ ਹੋਇਆ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਾਲਾ ਕੱਛਾ ਗਿਰੋਹ ਦੇ ਮੈਂਬਰਾਂ ਨੇ ਸ਼ਾਇਦ ਉਸਨੂੰ ਕੁੱਝ ਸੁਗਾ ਦਿੱਤਾ ਹੋਵੇਗਾ। ਪਵਨ ਸ਼ਰਮਾ ਦੀ ਧੀ ਨੇ ਦੱਸਿਆ ਕਿ ਲੁਟੇਰਿਆਂ ਵਿੱਚੋਂ ਇੱਕ ਵਿਅਕਤੀ ਕੰਧ ਟੱਪ ਕੇ ਆਇਆ ਤੇ ਉਸਤੋਂ ਬਾਅਦ ਉਸਨੇ ਆਪਣੇ 6 ਸਾਥੀਆਂ ਨੂੰ ਲਿਆਉਣ ਲਈ ਡਰਾਇੰਗ ਰੂਮ ਦਾ ਦਰਵਾਜ਼ਾ ਖੋਲ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲੈ ਲਿਆ ਹੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












