
ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਕਿ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਕੀਤੀਆਂ ਗਈਆਂ ਸਨ ਉੱਥੇ ਹੀ ਦੱਸ ਦਈਏ ਕਿ 9 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਦੁਬਾਰਾ ਖੋਲਣ ਦੇ ਹੁਕਮ ਦੇ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਦੇ ਚੱਲਦੇ ਅੱਜ ਪੰਜਾਬ ਭਰ ’ਚ ਸਕੂਲਾਂ ਨੂੰ ਖੋਲ੍ਹਿਆ ਗਿਆ।
ਦੱਸ ਦਈਏ ਕਿ ਸਰਕਾਰੀ ਹਾਈ ਸਕੂਲ ਰੱਤਾ ਅਬਦਾਲ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ’ਚ ਹੜ੍ਹਾਂ ਮਗਰੋਂ ਹਾਲਾਤ ਬੇਹੱਦ ਹੀ ਖਰਾਬ ਹੋਏ ਪਏ ਹਨ। ਸਰਹੱਦੀ ਖੇਤਰਾਂ ’ਤੇ ਸਥਿਤ ਸਕੂਲਾਂ ਦੀ ਹਾਲਤ ਬੇਹੱਦ ਹੀ ਚਿੰਤਾਜਨਕ ਬਣੀ ਹੋਈ ਹੈ।

ਸਕੂਲ ਦੇ ਪ੍ਰਿੰਸੀਪਲ ਸਫੀ ਕੁਮਾਰ ਅਤੇ ਸਟਾਫ ਮੈਬਰ ਜਸਪਾਲ ਕੁੰਡਲ ਦਾ ਕਹਿਣਾ ਹੈ ਕਿ ਵਧੇਰੇ ਸਕੂਲਾਂ ਅੰਦਰ ਪਾਣੀ ਆਉਣ ਕਰਕੇ ਸਾਰਾ ਰਿਕਾਰਡ ਅਤੇ ਹੋਰ ਸਕੂਲ ਦੇ ਸਮਾਨ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਸਾਫ ਸਫਾਈ ਪੱਖੋਂ ਵੀ ਸਕੂਲ ਦੀ ਹਾਲਤ ਬਹੁਤ ਖ਼ਰਾਬ ਬਣੀ ਹੋਈ ਹੈ, ਜਿਸ ਕਾਰਨ ਆਉਣ ਵਾਲੇ ਪੰਜ ਤੋਂ ਸੱਤ ਦਿਨਾਂ ਅੰਦਰ ਸਕੂਲਾਂ ਵਿੱਚ ਬੱਚਿਆਂ ਦਾ ਆਉਣਾ ਸੰਭਵ ਨਹੀਂ ਹੈ ਕਿਉਂਕਿ ਸਕੂਲਾਂ ਵਿੱਚ ਥਾਂ-ਥਾਂ ’ਤੇ ਪਾਣੀ ਖੜਾ ਹੈ।











