
ਜਲੰਧਰ (ਦ ਸਟੈਲਰ ਨਿਊਜ਼)। ਆਦਮਪੁਰ ਪਿੰਡ ਦੇ ਕਠਹਾਰ ਚੌਕ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਵਿਅਕਤੀ ਨੇ ਲਿਫਟ ਮੰਗੀ। ਤਾਂ ਉਸ ਨੂੰ ਇਕ ਸਾਬਕਾ ਪੁਲਿਸ ਇੰਸਪੈਕਟਰ ਨੇ ਕਥਿਤ ਤੌਰ ‘ਤੇ ਜ਼ਮੀਨ ‘ਤੇ ਧੱਕਾ ਦੇ ਦਿਤਾ ਅਤੇ ਹਮਲਾ ਕਰ ਦਿਤਾ। ਜਾਣਕਾਰੀ ਮੁਤਾਬਕ ਪੀੜਤ ਬਜ਼ੁਰਗ ਦਾ ਨਾਮ ਜਗਦੇਵ ਸਿੰਘ ਹੈ। ਜੋ ਕਿ ਹੁਸ਼ਿਆਰਪੁਰ ਦੇ ਪਿੰਡ ਬਡਾਲਾ ਮਾਹੀ ਦਾ ਵਸਨੀਕ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਦੁਪਹਿਰ ਨੂੰ ਜਲੰਧਰ ਵਿੱਚ ਬੱਸ ਤੋਂ ਉਤਰਿਆ ਸੀ ਅਤੇ ਕਠਹਾਰ ਚੌਕ ‘ਤੇ ਖੜ੍ਹਾ ਸੀ। ਉਸ ਨੇ ਇਕ ਐਕਟਿਵਾ ਡਰਾਈਵਰ ਨੂੰ ਲਿਫ਼ਟ ਲਈ ਰੋਕਿਆ ਅਤੇ ਐਕਟਿਵਾ ਰੋਕਣ ਤੋਂ ਬਾਅਦ ਡਰਾਈਵਰ ਨੇ ਅਚਾਨਕ ਉਸ ਨੂੰ ਜ਼ੋਰ ਨਾਲ ਧੱਕਾ ਦਿਤਾ। ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਗਿਆ। ਆਰੋਪੀ ਨੇ ਉਸ ਦੀ ਪੱਗ ਵੀ ਉਤਾਰੀ ਅਤੇ ਉਸ ਦੇ ਵਾਲ ਫੜ ਕੇ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਅਤੇ ਫਿਰ ਮੌਕੇ ਤੋਂ ਭੱਜ ਗਿਆ।

ਦੱਸਿਆ ਜਾ ਰਿਹਾ ਹੈ ਕਿ ਪੀੜਤ ਜਗਦੇਵ ਸਿੰਘ ਦੇ ਬਿਆਨ ਦੇ ਆਧਾਰ ਤੇ ਆਦਮਪੁਰ ਪੁਲਿਸ ਸਟੇਸ਼ਨ ਨੇ ਲਿਖਤੀ ਸ਼ਿਕਾਇਤ ਦਰਜ ਕੀਤੀ ਹੈ। ਦੂਜੇ ਪਾਸੇ ਅਫ਼ਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਮੁਲਜ਼ਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਘਟਨਾ ਦੇ ਕਾਰਨ ਬਾਰੇ ਕੁਝ ਨਹੀਂ ਪਤਾ ਨਹੀਂ ਲੱਗਿਆ ਹੈ।












