
ਨਾਭਾ (ਦ ਸਟੈਲਰ ਨਿਊਜ਼)। ਨਾਭਾ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਵਿੱਚ ਵਿਧਾਇਕ ਇੱਕ ਨੌਜਵਾਨ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੂੰ ਫ਼ਿਲਮੀ ਅੰਦਾਜ਼ ਵਿੱਚ ਲੱਤ ਮਾਰਦੇ ਹਨ, ਜਿਸ ਤੋਂ ਬਾਅਦ ਉਕਤ ਨੌਜਵਾਨ ਹੇਠਾਂ ਡਿੱਗ ਜਾਂਦਾ ਹੈ। ਇਸ ਬਾਅਦ ਮੁੜ ਵਿਧਾਇਕ ਵਲੋਂ ਉਸਦੇ ਲੱਤਾਂ ਮਾਰੀਆਂ ਜਾਂਦੀਆਂ ਹਨ। ਇਸ ਸਭ ਦੇ ਦੌਰਾਨ ਪੁਲਿਸ ਵਾਲਾ ਇੱਕ ਪੁਲਿਸ ਕਰਮਚਾਰੀ ਵੀ ਉਥੇ ਨਾਲ ਹੀ ਮੌਜੂਦ ਦਿਖ ਰਿਹਾ ਜੋ ਉਸ ਨੌਜਵਾਨ ਦੇ ਥੱਪੜ ਮਾਰਦਾ ਦਿਖ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਨੂੰ ਸਾਂਝਾ ਕਰਦਿਆਂ ਸਰਕਾਰ ਅਤੇ ਵਿਧਾਇਕ ਦੀ ਭੂਮਿਕਾ ’ਤੇ ਸਵਾਲ ਚੁੱਕੇ ਹਨ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਇਸ ਨੂੰ ਸਾਂਝਾ ਕਰਦਿਆਂ ਸਵਾਲ ਖੜ੍ਹੇ ਕੀਤੇ ਹਨ।
ਵਿਧਾਇਕ ਦੇਵ ਮਾਨ ਅਨੁਸਾਰ ਇੱਕ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਨਾਲ ਟਕਰਾਉਣ ਤੋਂ ਬਚ ਗਿਆ। ਜਦੋਂ ਉਨ੍ਹਾਂ ਨੇ ਰੁਕ ਕੇ ਦੇਖਿਆ ਤਾਂ ਨੌਜਵਾਨ ਉੱਥੋਂ ਭੱਜਣ ਲੱਗ ਪਿਆ। ਦੇਵ ਮਾਨ ਨੇ ਕਿਹਾ ਕਿ ਪੁਲਿਸ ਵੀ ਉਸ ਦੇ ਪਿੱਛੇ ਲੱਗੀ ਹੋਈ ਸੀ ਅਤੇ ਬਾਅਦ ਵਿੱਚ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਆਪਣੀ ਸਫ਼ਾਈ ਵਿੱਚ ਦਾਅਵਾ ਕੀਤਾ ਕਿ ਉਹ ਸਵੇਰੇ ਸੜਕ ਤੋਂ ਲੰਘ ਰਹੇ ਸਨ, ਜਦੋਂ ਇੱਕ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ’ਤੇ ਉਨ੍ਹਾਂ ਦੀ ਗੱਡੀ ਦੇ ਨੇੜੇ ਆ ਗਿਆ। ਵਿਧਾਇਕ ਨੇ ਆਪਣੇ ਬਿਆਨ ਵਿੱਚ ਵਿਰੋਧੀ ਆਗੂਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਿਸੇ ਵੀ ਘਟਨਾ ਦੀ ਪੂਰੀ ਜਾਣਕਾਰੀ ਲਏ ਬਿਨਾਂ ਵੀਡੀਓ ਸਾਂਝੀ ਕਰਕੇ ਸਿਆਸੀ ਸਵਾਲ ਖੜ੍ਹੇ ਕਰਨਾ ਸਹੀ ਨਹੀਂ ਹੈ।
ਦੇਵ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਨਸ਼ਿਆਂ ਦੇ ਮੁੱਦੇ ’ਤੇ ਆਪਣਾ ਰੁਖ਼ ਸਪੱਸ਼ਟ ਕਰਨ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ, ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।










